Radiation therapy | ਰੇਡੀਏਸ਼ਨ ਥੈਰੇਪੀ

Below we provide information about radiation therapy in Punjabi.  ਹੇਠਾਂ ਅਸੀਂ ਰੇਡੀਏਸ਼ਨ ਥੈਰੇਪੀ ਬਾਰੇ ਪੰਜਾਬੀ ਵਿੱਚ ਜਾਣਕਾਰੀ ਪ੍ਰਦਾਨ ਕਰਦੇ ਹਾਂ, ਜੋ ਕੈਂਸਰ ਵਾਲੇ ਕੁਝ ਲੋਕਾਂ ਨੂੰ ਇਲਾਜ ਵਜੋਂ ਦਿੱਤੀ ਜਾਂਦੀ ਹੈ।

Cover for fact sheet Understanding Radiation Punjabi
Download PDF

ਰੇਡੀਏਸ਼ਨ ਥੈਰੇਪੀ ਕੀ ਹੈ?

ਰੇਡੀਏਸ਼ਨ ਥੈਰੇਪੀ, ਕੈਂਸਰ ਵਾਲੇ ਸੈੱਲਾਂ ਨੂੰ ਮਾਰਨ ਜਾਂ ਨੁਕਸਾਨ ਪਹੁੰਚਾਉਣ ਲਈ ਨਿਸ਼ਾਨਾ ਲਗਾ ਕੇ ਰੇਡੀਏਸ਼ਨ ਦੀ ਵਰਤੋਂ ਕਰਦੀ ਹੈ। ਰੇਡੀਏਸ਼ਨ ਥੈਰੇਪੀ ਆਮ ਤੌਰ ‘ਤੇ ਕੇਵਲ ਉਸ ਹਿੱਸੇ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੀ ਵਰਤੋਂ ਸ਼ੁਰੂਆਤੀ ਕੈਂਸਰ ਜਾਂ ਵੱਧ ਗਏ ਕੈਂਸਰ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ।

ਅੰਗਰੇਜ਼ੀ ਵਿੱਚ, ਇਸ ਇਲਾਜ ਨੂੰ “ਰੇਡੀਏਸ਼ਨ ਥੈਰੇਪੀ” ਜਾਂ “ਰੇਡੀਓਥੈਰੇਪੀ” ਕਿਹਾ ਜਾਂਦਾ ਹੈ। ਇਹ ਇੱਕ ਮਾਹਰ ਦੁਆਰਾ ਤਜਵੀਜ਼ ਕੀਤਾ ਜਾਂਦਾ ਹੈ ਜਿਸ ਨੂੰ ਰੇਡੀਏਸ਼ਨ ਓਨਕੋਲੋਜਿਸਟ ਕਿਹਾ ਜਾਂਦਾ ਹੈ, ਅਤੇ ਇਲਾਜ ਰੇਡੀਏਸ਼ਨ ਥੈਰੇਪਿਸਟਾਂ ਦੁਆਰਾ ਕੀਤਾ ਜਾਂਦਾ ਹੈ।


ਰੇਡੀਏਸ਼ਨ ਥੈਰੇਪੀ ਕਿਉਂ ਕੀਤੀ ਜਾਂਦੀ ਹੈ?

ਰੇਡੀਏਸ਼ਨ ਥੈਰੇਪੀ ਦੀ ਵਰਤੋਂ ਵੱਖ-ਵੱਖ ਕਾਰਨਾਂ ਕਰਕੇ ਕੀਤੀ ਜਾਂਦੀ ਹੈ ਜਿੰਨ੍ਹਾਂ ਵਿੱਚ ਸ਼ਾਮਲ ਹਨ:

ਕੈਂਸਰ ਨੂੰ ਘਟਾਉਣ ਜਾਂ ਠੀਕ ਕਰਨ ਲਈ – ਰੇਡੀਏਸ਼ਨ ਥੈਰੇਪੀ ਕੁਝ ਕੈਂਸਰਾਂ ਦਾ ਇਲਾਜ ਕਰ ਸਕਦੀ ਹੈ। ਇਹ ਕੁਝ ਕੈਂਸਰਾਂ ਨੂੰ ਸੁੰਗੜਾਅ ਵੀ ਸਕਦੀ ਹੈ ਜਾਂ ਇਨ੍ਹਾਂ ਨੂੰ ਫ਼ੈਲਣ ਤੋਂ ਰੋਕ ਸਕਦੀ ਹੈ।

ਹੋਰ ਇਲਾਜਾਂ ਵਿੱਚ ਮਦਦ ਕਰਨ ਲਈ – ਰੇਡੀਏਸ਼ਨ ਥੈਰੇਪੀ ਦੀ ਵਰਤੋਂ ਹੋਰ ਇਲਾਜਾਂ ਤੋਂ ਪਹਿਲਾਂ, ਬਾਅਦ ਵਿੱਚ, ਜਾਂ ਹੋਰ ਇਲਾਜਾਂ ਦੇ ਨਾਲ-ਨਾਲ, ਜਿਵੇਂ ਕਿ ਕੀਮੋਥੈਰੇਪੀ ਜਾਂ ਸਰਜਰੀ ਦੇ ਨਾਲ ਕੀਤੀ ਜਾ ਸਕਦੀ ਹੈ।

ਲੱਛਣਾਂ ਤੋਂ ਰਾਹਤ ਦਿਵਾਉਣ ਲਈ – ਜੇ ਕੈਂਸਰ ਦਾ ਇਲਾਜ ਨਹੀਂ ਕੀਤਾ ਜਾ ਸਕਦਾ, ਤਾਂ ਰੇਡੀਏਸ਼ਨ ਥੈਰੇਪੀ ਲੱਛਣਾਂ ਨੂੰ ਘਟਾਉਣ ਅਤੇ ਤੁਹਾਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੀ ਹੈ।


ਰੇਡੀਏਸ਼ਨ ਥੈਰੇਪੀ ਕਿਵੇਂ ਦਿੱਤੀ ਜਾਂਦੀ ਹੈ?

ਰੇਡੀਏਸ਼ਨ ਥੈਰੇਪੀ 2 ਮੁੱਖ ਤਰੀਕਿਆਂ ਨਾਲ ਦਿੱਤੀ ਜਾਂਦੀ ਹੈ – ਸਰੀਰ ਦੇ ਬਾਹਰੋਂ ਜਾਂ ਸਰੀਰ ਦੇ ਅੰਦਰੋਂ। ਕੈਂਸਰ ਦੀ ਕਿਸਮ ਅਤੇ ਹੋਰ ਕਾਰਕਾਂ ‘ਤੇ ਨਿਰਭਰ ਕਰਨ ਅਨੁਸਾਰ, ਤੁਹਾਨੂੰ ਇੱਕ ਜਾਂ ਦੋਵੇਂ ਕਿਸਮਾਂ ਦੀਆਂ ਰੇਡੀਏਸ਼ਨ ਥੈਰੇਪੀਆਂ ਦਿੱਤੀਆਂ ਜਾ ਸਕਦੀਆਂ ਹਨ।

ਬਾਹਰੀ ਬੀਮ ਰੇਡੀਏਸ਼ਨ ਥੈਰੇਪੀ (EBRT) – ਇਹ ਐਕਸ-ਰੇ ਕਰਵਾਉਣ ਵਰਗੀ ਚੀਜ਼ ਹੈ। ਤੁਸੀਂ ਇੱਕ ਮੇਜ਼ ‘ਤੇ ਲੇਟਦੇ ਹੋ ਜਦੋਂ ਕਿ ਮਸ਼ੀਨ ਤੁਹਾਡੇ ਆਲੇ-ਦੁਆਲੇ ਘੁੰਮਦੀ ਹੈ ਅਤੇ ਕੈਂਸਰ ਨੂੰ ਰੇਡੀਏਸ਼ਨ ਕਿਰਨਾਂ ਨਾਲ ਨਿਸ਼ਾਨਾ ਬਣਾਉਂਦੀ ਹੈ (ਹੇਠਾਂ ਉਦਾਹਰਨ ਵੇਖੋ)। ਇਲਾਜ ਵਿੱਚ ਕੇਵਲ ਕੁਝ ਮਿੰਟ ਲੱਗਦੇ ਹਨ, ਪਰ ਹਰ ਚੀਜ਼ ਨੂੰ ਤਿਆਰ ਕਰਨ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ।

ਅੰਦਰੂਨੀ ਰੇਡੀਏਸ਼ਨ ਥੈਰੇਪੀ ਬ੍ਰੈਕੀਥੈਰੇਪੀ ਅੰਦਰੂਨੀ ਰੇਡੀਏਸ਼ਨ ਥੈਰੇਪੀ ਦੀ ਸਭ ਤੋਂ ਆਮ ਕਿਸਮ ਹੈ। ਇਸ ਵਿੱਚ ਸੀਲਬੰਦ ਰੇਡੀਓਐਕਟਿਵ ਇੰਪਲਾਂਟ (ਬੀਜ, ਤਾਰਾਂ ਜਾਂ ਕੈਪਸੂਲ) ਸਰੀਰ ਦੇ ਅੰਦਰ, ਕੈਂਸਰ ਦੇ ਨੇੜੇ ਜਾਂ ਅੰਦਰ ਰੱਖਣਾ ਸ਼ਾਮਲ ਹੈ। ਇਹ ਇੰਪਲਾਂਟ ਰੇਡੀਏਸ਼ਨ ਪੈਦਾ ਕਰਦੇ ਹਨ ਜੋ ਕੈਂਸਰ ਵਾਲੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਾਂ ਮਾਰਦੀ ਹੈ ਜਦੋਂ ਕਿ ਨੇੜਲੇ ਟਿਸ਼ੂਆਂ ਅਤੇ ਅੰਗਾਂ ਤੱਕ ਪਹੁੰਚਣ ਵਾਲੀ ਰੇਡੀਏਸ਼ਨ ਨੂੰ ਸੀਮਿਤ ਕਰਦੀ ਹੈ।

LINAC machine image

ਇਹ ਲੀਨੀਅਰ ਐਕਸਲੇਟਰ (LINAC) ਦਾ ਆਮ ਚਿੱਤਰ ਹੈ, ਜੋ ਕਿ EBRT ਦੇਣ ਲਈ ਸਭ ਤੋਂ ਵੱਧ ਵਰਤੀ ਜਾਣ ਵਾਲੀ ਮਸ਼ੀਨ ਹੈ। ਤੁਹਾਡੇ ਇਲਾਜ ਵਾਸਤੇ ਵਰਤੀ ਗਈ LINAC ਵੱਖਰੀ ਤਰ੍ਹਾਂ ਦਿਖਾਈ ਦੇ ਸਕਦੀ ਹੈ।


ਅਸਲ ਇਲਾਜ ਵਿੱਚ ਹਰ ਮੁਲਾਕਾਤ ਲਈ ਸਿਰਫ਼ ਕੁਝ ਕੁ ਮਿੰਟ ਹੀ ਲੱਗੇ। ਮੈਨੂੰ ਸਥਿਰ ਰਹਿਣਾ ਮੁਸ਼ਕਿਲ ਨਹੀਂ ਲੱਗਿਆ, ਕਿਉਂਕਿ ਥੈਰੇਪਿਸਟਾਂ ਨੇ ਮੈਨੂੰ ਬਹੁਤ ਸੋਹਣੀ ਸਰੀਰਕ ਸਥਿਤੀ ਵਿੱਚ ਰੱਖਿਆ ਅਤੇ ਮੈਨੂੰਇੱਕ ਫਾਨੇ ਦੇ ਆਕਾਰ ਵਾਲੇ ਸਾਂਚੇ ਨਾਲ ਆਪਣੀ ਜਗ੍ਹਾ ‘ਤੇ ਟਿਕਾ ਕੇ ਰੱਖਿਆ ਗਿਆ।

JACKIE

ਮੈਨੂੰ ਇਲਾਜ ਦੇ ਕਿੰਨ੍ਹੇ ਕੁ ਸੈਸ਼ਨ ਲੈਣੇ ਪੈਣਗੇ?

ਰੇਡੀਏਸ਼ਨ ਥੈਰੇਪੀ ਦਾ ਇਲਾਜ ਹਰੇਕ ਵਿਅਕਤੀ ਦੇ ਹਿਸਾਬ ਨਾਲ ਤਿਆਰ ਕੀਤਾ ਜਾਂਦਾ ਹੈ। ਲੋੜੀਂਦੇ ਸੈਸ਼ਨਾਂ ਦੀ ਗਿਣਤੀ ਕੈਂਸਰ ਦੀ ਕਿਸਮ, ਇਹ ਕਿੱਥੇ ਹੈ, ਇਸ ਦਾ ਆਕਾਰ ਅਤੇ ਵਿਅਕਤੀ ਦੀ ਆਮ ਸਿਹਤ ‘ਤੇ ਨਿਰਭਰ ਕਰਦੀ ਹੈ। ਕੁਝ ਲੋਕਾਂ ਨੂੰ ਕੇਵਲ ਇੱਕ ਇਲਾਜ ਦੀ ਲੋੜ ਪਵੇਗੀ, ਜਦ ਕਿ ਦੂਸਰਿਆਂ ਨੂੰ ਕਈ ਹਫ਼ਤਿਆਂ ਵਾਸਤੇ ਹਫ਼ਤੇ ਵਿੱਚ 5 ਦਿਨ ਰੇਡੀਏਸ਼ਨ ਥੈਰੇਪੀ ਦੀ ਲੋੜ ਪਵੇਗੀ।

ਜੇ ਬ੍ਰੈਕੀਥੈਰੇਪੀ ਇਲਾਜ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇੰਪਲਾਂਟ ਨੂੰ ਕੁਝ ਮਿੰਟਾਂ, ਕੁਝ ਦਿਨਾਂ ਲਈ ਜਾਂ ਪੱਕੇ ਤੌਰ ‘ਤੇ ਉਸੇ ਜਗ੍ਹਾ ਵਿੱਚ ਰੱਖਿਆ ਜਾ ਸਕਦਾ ਹੈ।


ਕੀ ਰੇਡੀਏਸ਼ਨ ਥੈਰੇਪੀ ਨਾਲ ਦਰਦ ਹੁੰਦਾ ਹੈ?

ਬਾਹਰੀ ਬੀਮ ਰੇਡੀਏਸ਼ਨ ਥੈਰੇਪੀ (EBRT) – ਤੁਸੀਂ ਕੁਝ ਵੀ ਮਹਿਸੂਸ ਨਹੀਂ ਕਰੋਗੇ ਅਤੇ ਮਸ਼ੀਨ ਤੁਹਾਨੂੰ ਨਹੀਂ ਛੂਹੇਗੀ। ਜਦੋਂ ਮਸ਼ੀਨ ਚਾਲੂ ਹੁੰਦੀ ਹੈ ਤਾਂ ਤੁਸੀਂ ਇੱਕ ਗੂੰਜਦੀ ਹੋਈ ਆਵਾਜ਼ ਸੁਣ ਸਕਦੇ ਹੋ। ਜਦ ਤੁਸੀਂ ਇਲਾਜ ਕਰਵਾ ਰਹੇ ਹੁੰਦੇ ਹੋ ਤਾਂ ਦੂਸਰੇ ਲੋਕਾਂ ਦੇ ਸੰਪਰਕ ਵਿੱਚ ਰਹਿਣਾ ਸੁਰੱਖਿਅਤ ਹੁੰਦਾ ਹੈ।

ਬ੍ਰੈਕੀਥੈਰੇਪੀ – ਤੁਹਾਨੂੰ ਸਥਾਨਕ ਜਾਂ ਪੂਰੀ ਬੇਹੋਸ਼ੀ ਦੀ ਦਵਾਈ ਲੈਣ ਦੀ ਲੋੜ ਪੈ ਸਕਦੀ ਹੈ। ਬ੍ਰੈਕੀਥੈਰੇਪੀ ਦੇ ਕੋਰਸ ਦੌਰਾਨ ਤੁਹਾਨੂੰ ਕੋਈ ਤੀਬਰ ਦਰਦ ਨਹੀਂ ਹੋਣਾ ਚਾਹੀਦਾ ਜਾਂ ਬਿਮਾਰ ਮਹਿਸੂਸ ਨਹੀਂ ਹੋਣਾ ਚਾਹੀਦਾ। ਜੇ ਤੁਹਾਨੂੰ ਕੁਝ ਦਰਦ ਹੁੰਦੀ ਹੈ, ਤਾਂ ਤੁਹਾਡਾ ਡਾਕਟਰ ਮਦਦ ਲਈ ਦਵਾਈ ਤਜਵੀਜ਼ ਕਰ ਸਕਦਾ ਹੈ। ਅਸਥਾਈ ਇੰਪਲਾਂਟਾਂ ਵਾਲੇ ਲੋਕਾਂ ਨੂੰ ਹਸਪਤਾਲ ਵਿੱਚ ਰਹਿਣ ਦੀ ਲੋੜ ਪੈ ਸਕਦੀ ਹੈ ਜਦੋਂ ਕਿ ਰੇਡੀਏਸ਼ਨ ਦਾ ਸਰੋਤ ਆਪਣੀ ਜਗ੍ਹਾ ‘ਤੇ ਹੁੰਦਾ ਹੈ। ਇਸ ਸਮੇਂ ਦੌਰਾਨ, ਪਰਿਵਾਰ ਅਤੇ ਦੋਸਤਾਂ ਦੀਆਂ ਮੁਲਾਕਾਤਾਂ ਨੂੰ ਰੇਡੀਏਸ਼ਨ ਦੇ ਸੰਭਾਵੀ ਸੰਪਰਕ ਤੋਂ ਬਚਾਉਣ ਲਈ ਸੀਮਿਤ ਕੀਤਾ ਜਾ ਸਕਦਾ ਹੈ।


ਨਰਸਾਂ ਨੇ ਮੈਨੂੰ ਇਲਾਜ ਵਾਲੀ ਜਗ੍ਹਾ ਦੀ ਚਮੜੀ ‘ਤੇ ਲਗਾਉਣ ਲਈ ਕਰੀਮ ਅਤੇ ਜੈੱਲ ਦਿੱਤੀ। ਮੈਂ ਇਲਾਜ ਸ਼ੁਰੂ ਹੋਣ ਤੋਂ ਬਾਅਦ ਹਰ ਰੋਜ਼ ਅਤੇ ਇਸ ਦੇ ਖ਼ਤਮ ਹੋਣ ਤੋਂ ਬਾਅਦ ਥੋੜ੍ਹੇ ਸਮੇਂ ਲਈ ਇਨ੍ਹਾਂ ਦੀ ਵਰਤੋਂ ਕੀਤੀ। ਮੇਰੀ ਚਮੜੀ ਉਪਰ ਕਾਲੇ ਨਿਸ਼ਾਨ ਵਿਕਸਤ ਹੋਏ ਜੋ ਸੜ੍ਹਨ ਵਰਗੇ ਦਿਖਾਈ ਦਿੰਦੇ ਸਨ, ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਫਿੱਕੇ ਪੈ ਗਏ ਹਨ।

JACKIE

ਰੇਡੀਏਸ਼ਨ ਥੈਰੇਪੀ ਦੇ ਮਾੜੇ ਪ੍ਰਭਾਵ

ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਉਪਰ ਹੋ ਸਕਦੇ ਮਾੜੇ ਪ੍ਰਭਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜਿਸ ਵਿੱਚ ਰੇਡੀਏਸ਼ਨ ਥੈਰੇਪੀ ਦੀ ਕਿਸਮ ਅਤੇ ਖ਼ੁਰਾਕ ਅਤੇ ਇਲਾਜ ਕੀਤੇ ਗਏ ਸਰੀਰ ਦੇ ਅੰਗ ਸ਼ਾਮਲ ਹਨ। ਜੇ ਤੁਹਾਨੂੰ ਕੋਈ ਮਾੜੇ ਪ੍ਰਭਾਵ ਹੁੰਦੇ ਹਨ ਤਾਂ ਆਪਣੀ ਕੈਂਸਰ ਦੇ ਇਲਾਜ ਵਾਲੀ ਟੀਮ ਨਾਲ ਗੱਲ ਕਰੋ।

Bed iconਹੰਭ ਜਾਣਾ (ਥਕਾਵਟ)
ਰੇਡੀਏਸ਼ਨ ਥੈਰੇਪੀ ਦਾ ਸਭ ਤੋਂ ਆਮ ਮਾੜਾ ਪ੍ਰਭਾਵ, ਇਲਾਜ ਦੇ ਦੌਰਾਨ ਥਕਾਵਟ ਵੱਧ ਜਾਂਦੀ ਹੈ ਅਤੇ ਇਲਾਜ ਖ਼ਤਮ ਹੋਣ ਦੇ ਬਾਅਦ ਕਈ ਮਹੀਨਿਆਂ ਤੱਕ ਰਹਿ ਸਕਦੀ ਹੈ।
ਇਲਾਜ ਵਾਲੀ ਜਗ੍ਹਾ ਵਿੱਚ ਚਮੜੀ ਵਿੱਚ ਤਬਦੀਲੀਆਂ
ਰੇਡੀਏਸ਼ਨ ਥੈਰੇਪੀ ਇਲਾਜ ਕੀਤੇ ਖੇਤਰ ਦੀ ਚਮੜੀ ਨੂੰ ਖੁਸ਼ਕ, ਖਾਰਸ਼ ਅਤੇ ਪਪੜੀ ਵਾਲੀ ਬਣਾ ਸਕਦੀ ਹੈ। ਕਈ ਵਾਰ ਚਮੜੀ ਕਾਫ਼ੀ ਜਲੂਣ ਵਾਲੀ ਹੋ ਸਕਦੀ ਹੈ।
Blue head scart iconਇਲਾਜ ਵਾਲੀ ਜਗ੍ਹਾ ਵਿੱਚ ਵਾਲਾਂ ਦਾ ਝੜ੍ਹਨਾ
ਜੇ ਤੁਹਾਡੀ ਉਸ ਜਗ੍ਹਾ ਵਿੱਚ ਵਾਲ ਹਨ ਜਿਸ ਦਾ ਇਲਾਜ ਕੀਤਾ ਜਾ
ਰਿਹਾ ਹੈ, ਤਾਂ ਤੁਸੀਂ ਇਸ ਵਿੱਚੋਂ ਕੁਝ ਜਾਂ ਸਾਰੇ ਵਾਲ ਝੜ੍ਹ ਸਕਦੇ ਹਨ। ਆਮ ਤੌਰ ‘ਤੇ, ਇਲਾਜ ਖ਼ਤਮ ਹੋਣ ਦੇ ਬਾਅਦ ਇਹ ਵਾਪਸ ਉੱਗ ਪੈਣਗੇ।
ਆਂਤੜੀ ਅਤੇ ਬਲੈਡਰ ਵਿੱਚ ਤਬਦੀਲੀਆਂ
ਪੇਡੂ ਵਾਲੇ ਹਿੱਸੇ ਵਿੱਚ ਕੀਤੀ ਰੇਡੀਏਸ਼ਨ, ਪਿਸ਼ਾਬ (ਬਲੈਡਰ) ਨੂੰ ਕਾਬੂ ਕਰਨ ਦੀ ਘਾਟ, ਦਸਤ ਲੱਗਣੇ ਅਤੇ ਪਿਸ਼ਾਬ ਜਾਂ ਟੱਟੀ ਕਰਦੇ ਸਮੇਂ ਬੇਆਰਾਮੀ ਦਾ ਕਾਰਨ ਬਣ ਸਕਦੀ ਹੈ।
ਭੁੱਖ ਵਿੱਚ ਕਮੀ ਅਤੇ ਜੀਅ ਮਤਲਾਉਣਾ
ਪੇਟ, ਪੇਡੂ ਵਾਲੇ ਹਿੱਸੇ ਅਤੇ ਸਿਰ ‘ਤੇ ਰੇਡੀਏਸ਼ਨ ਥੈਰੇਪੀ ਲੋਕਾਂ ਨੂੰ ਬਿਮਾਰ ਮਹਿਸੂਸ ਕਰਨ ਕਰਵਾ ਸਕਦੀ ਹੈ ਜਾਂ ਉਨ੍ਹਾਂ ਦੀ ਭੋਜਨ ਵਿੱਚ ਦਿਲਚਸਪੀ ਘੱਟ ਸਕਦੀ ਹੈ।
ਪਾਣੀ ਭਰਨਾ (ਲਿੰਫੋਡੀਮਾ)
ਇਹ ਉਦੋਂ ਹੁੰਦਾ ਹੈ ਜਦੋਂ ਚਮੜੀ ਦੇ ਹੇਠਾਂ ਤਰਲ ਪਦਾਰਥ ਜਮ੍ਹਾਂ ਹੋ ਜਾਂਦਾ ਹੈ ਅਤੇ ਸੋਜਸ਼ ਦਾ ਕਾਰਨ ਬਣਦਾ ਹੈ। ਸਰਜਰੀ ਤੋਂ ਬਾਅਦ ਰੇਡੀਏਸ਼ਨ ਥੈਰੇਪੀ ਕਰਵਾਉਣਾ ਇਸ ਦੇ ਖ਼ਤਰੇ ਨੂੰ ਵਧਾਉਂਦਾ ਹੈ।
ਮੂੰਹ ਅਤੇ ਗਲੇ ਦੀਆਂ ਸਮੱਸਿਆਵਾਂ
ਸਿਰ, ਗਰਦਨ ਜਾਂ ਛਾਤੀ ਵਿੱਚ ਰੇਡੀਏਸ਼ਨ ਥੈਰੇਪੀ, ਸੁਆਦ ਵਿੱਚ ਤਬਦੀਲੀਆਂ, ਨਿਗਲਣ ਵਿੱਚ ਮੁਸ਼ਕਿਲ ਅਤੇ ਖੁਸ਼ਕ ਮੂੰਹ ਦਾ ਕਾਰਨ ਬਣ ਸਕਦੀ ਹੈ।

ਮਾੜੇ ਪ੍ਰਭਾਵ ਅਕਸਰ ਅਸਥਾਈ ਹੁੰਦੇ ਹਨ ਅਤੇ ਆਮ ਤੌਰ ‘ਤੇ ਇਹਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਕੁਝ ਮਾੜੇ ਪ੍ਰਭਾਵ ਲੰਬੇ ਸਮੇਂ ਤੱਕ ਰਹਿ ਸਕਦੇ ਹਨ ਜਾਂ ਇਲਾਜ ਖ਼ਤਮ ਹੋਣ ਦੇ ਬਾਅਦ ਦਿਖਾਈ ਦੇ ਸਕਦੇ ਹਨ। ਤੁਹਾਡਾ ਡਾਕਟਰ ਲੰਬੀ-ਮਿਆਦ ਜਾਂ ਦੇਰ ਤੱਕ ਹੋਣ ਵਾਲੇ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।


ਕੀਮੋ-ਰੇਡੀਏਸ਼ਨ ਕੀ ਹੈ?

ਕੀਮੋ-ਰੇਡੀਏਸ਼ਨ ਓਦੋਂ ਹੁੰਦੀ ਹੈ ਜਦੋਂ ਕਿਸੇ ਨੂੰ ਕੀਮੋਥੈਰੇਪੀ ਦੇ ਨਾਲ ਹੀ ਰੇਡੀਏਸ਼ਨ ਥੈਰੇਪੀ ਵੀ ਦਿੱਤੀ ਜਾਂਦੀ ਹੈ। ਕੀਮੋਥੈਰੇਪੀ ਦਵਾਈਆਂ, ਕੈਂਸਰ ਵਾਲੇ ਸੈੱਲਾਂ ਨੂੰ ਰੇਡੀਏਸ਼ਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਂਦੀਆਂ ਹਨ। ਰੇਡੀਏਸ਼ਨ ਥੈਰੇਪੀ ਅਤੇ ਕੀਮੋਥੈਰੇਪੀ ਨੂੰ ਇਕੱਠਿਆਂ ਲੈਣਾ ਕੁਝ ਕੈਂਸਰਾਂ ਵਾਸਤੇ ਵਧੇਰੇ ਪ੍ਰਭਾਵ ਵਾਲਾ ਹੋ ਸਕਦਾ ਹੈ। ਹੋ ਸਕਦਾ ਹੈ ਤੁਹਾਡੀ ਕੀਮੋਥੈਰੇਪੀ ਅਤੇ ਰੇਡੀਏਸ਼ਨ ਥੈਰੇਪੀ ਇੱਕੋ ਦਿਨ ਜਾਂ ਵੱਖਰੇ ਦਿਨਾਂ ਨੂੰ ਵੱਖ-ਵੱਖ ਸਮਿਆਂ ‘ਤੇ ਹੋਵੇ।

ਕੀਮੋ-ਰੇਡੀਏਸ਼ਨ ਦੇ ਮਾੜੇ ਪ੍ਰਭਾਵ ਤੁਹਾਨੂੰ ਦਿੱਤੀਆਂ ਕੀਮੋਥੈਰੇਪੀ ਦਵਾਈਆਂ, ਰੇਡੀਏਸ਼ਨ ਦੀ ਖੁਰਾਕ, ਇਲਾਜ ਕੀਤੇ ਜਾ ਰਹੇ ਸਰੀਰ ਦੇ ਉਸ ਹਿੱਸੇ ਅਤੇ ਇਲਾਜ ਦੀ ਲੰਬਾਈ ‘ਤੇ ਨਿਰਭਰ ਕਰਨ ਅਨੁਸਾਰ ਵੱਖ-ਵੱਖ ਹੋਣਗੇ। ਆਪਣੀ ਇਲਾਜ ਕਰਨ ਵਾਲੀ ਟੀਮ ਨਾਲ ਇਸ ਬਾਰੇ ਗੱਲ ਕਰੋ ਕਿ ਕਿਸ ਚੀਜ਼ ਦੀ ਉਮੀਦ ਕੀਤੀ ਜਾਵੇ ਅਤੇ ਕਿਸੇ ਵੀ ਮਾੜੇ ਪ੍ਰਭਾਵਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ।

ਪੰਜਾਬੀ ਵਿੱਚ ਕੀਮੋਥੈਰੇਪੀ ਬਾਰੇ ਹੋਰ ਜਾਣੋ।


ਕੀ ਰੇਡੀਏਸ਼ਨ ਥੈਰੇਪੀ ਜਣਨ-ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ?

ਬਾਂਝਪਨ (ਗਰਭਵਤੀ ਹੋਣ ਵਿੱਚ ਮੁਸ਼ਕਿਲ) ਦਾ ਖ਼ਤਰਾ ਇਲਾਜ ਕੀਤੇ ਗਏ ਸਰੀਰ ਦੀ ਜਗ੍ਹਾ, ਰੇਡੀਏਸ਼ਨ ਦੀ ਖੁਰਾਕ ਅਤੇ ਇਲਾਜ ਦੇ ਸੈਸ਼ਨਾਂ ਦੀ ਸੰਖਿਆ ‘ਤੇ ਨਿਰਭਰ ਕਰੇਗਾ।

ਜੇ ਬਾਂਝਪਨ ਇੱਕ ਸੰਭਾਵੀ ਮਾੜਾ ਪ੍ਰਭਾਵ ਹੈ, ਤਾਂ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡਾ ਰੇਡੀਏਸ਼ਨ ਓਨਕੋਲੋਜਿਸਟ ਇਸ ਬਾਰੇ ਤੁਹਾਡੇ ਨਾਲ ਵਿਚਾਰ-ਵਟਾਂਦਰਾ ਕਰੇਗਾ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਭਵਿੱਖ ਵਿੱਚ ਬੱਚੇ ਪੈਦਾ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਦੱਸੋ ਅਤੇ ਉਹ ਵਿਕਲਪਾਂ ਬਾਰੇ ਤੁਹਾਡੇ ਨਾਲ ਗੱਲ ਕਰਨਗੇ।


ਆਪਣੇ ਡਾਕਟਰ ਨੂੰ ਪੁੱਛਣ ਲਈ ਸਵਾਲ

ਸਵਾਲ ਪੁੱਛਣਾ ਤੁਹਾਨੂੰ ਸੋਚ ਕੇ ਚੋਣ ਕਰਨ ਵਿੱਚ ਮਦਦ ਕਰ ਸਕਦਾ ਹੈ। ਉਹ ਸਵਾਲ ਜੋ ਤੁਸੀਂ ਪੁੱਛਣੇ ਪਸੰਦ ਕਰ ਸਕਦੇ ਹੋ ਉਹ ਹਨ:

  • ਮੈਨੂੰ ਰੇਡੀਏਸ਼ਨ ਥੈਰੇਪੀ ਦੀ ਲੋੜ ਕਿਉਂ ਹੈ?
  • ਮੇਰੇ ਲਈ ਰੇਡੀਏਸ਼ਨ ਥੈਰੇਪੀ ਦੇ ਫ਼ਾਇਦੇ ਅਤੇ ਨੁਕਸਾਨ ਕੀ ਹਨ?
  • ਮੇਰੇ ਕੈਂਸਰ ਦੀ ਕਿਸਮ ਵਾਸਤੇ ਰੇਡੀਏਸ਼ਨ ਥੈਰੇਪੀ ਕਿੰਨ੍ਹੀ ਕੁ ਸਫ਼ਲ ਹੈ?
  • ਮੈਨੂੰ ਕਿਸ ਕਿਸਮ ਦੀ ਰੇਡੀਏਸ਼ਨ ਥੈਰੇਪੀ ਦਿੱਤੀ ਜਾਵੇਗੀ?
  • ਇਲਾਜ ਨੂੰ ਕਿੰਨ੍ਹਾ ਕੁ ਸਮਾਂ ਲੱਗੇਗਾ? ਇਹ ਕਿਵੇਂ ਦਿੱਤੀ ਜਾਵੇਗੀ?
  • ਮੈਂ ਇਹ ਇਲਾਜ ਕਿੱਥੇ ਕਰਵਾ ਸਕਦਾ ਹਾਂ?
  • ਰੇਡੀਏਸ਼ਨ ਥੈਰੇਪੀ ਦੇ ਖ਼ਤਰੇ ਅਤੇ ਸੰਭਾਵੀ ਮਾੜੇ ਪ੍ਰਭਾਵ ਕੀ ਹਨ?
  • ਕੀ ਰੇਡੀਏਸ਼ਨ ਦੇ ਇਲਾਜ ਦੌਰਾਨ ਸੰਭੋਗ ਕਰਨਾ ਸੁਰੱਖਿਅਤ ਹੈ?

ਹੋਰ ਸਵਾਲਾਂ ਲਈ, ਪੰਜਾਬੀ ਵਿੱਚ “ਆਪਣੇ ਡਾਕਟਰ ਨੂੰ ਪੁੱਛਣ ਲਈ ਸਵਾਲ” ਭਾਗ ਵੇਖੋ।


ਆਪਣੀ ਭਾਸ਼ਾ ਵਿੱਚ ਮਦਦ ਅਤੇ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ

  • Cancer Council ਨੂੰ 13 11 20 ‘ਤੇ ਫ਼ੋਨ ਕਰੋ। ਅਸੀਂ ਤੁਹਾਨੂੰ ਦੁਭਾਸ਼ੀਆ ਸੇਵਾਵਾਂ ਨਾਲ ਜੋੜ ਸਕਦੇ ਹਾਂ ਅਤੇ ਤੁਹਾਡੀ ਭਾਸ਼ਾ ਵਿੱਚ ਸਰੋਤ ਪ੍ਰਦਾਨ ਕਰਵਾ ਸਕਦੇ ਹਾਂ।
  • TIS National ਨੂੰ 131 450 ‘ਤੇ ਫ਼ੋਨ ਕਰੋ। ਇਹ ਮੁਫ਼ਤ ਦੁਭਾਸ਼ੀਆ ਸੇਵਾ ਹੈ ਜੋ ਤੁਹਾਨੂੰ ਦੁਭਾਸ਼ੀਏ ਨਾਲ ਜੋੜ ਸਕਦੀ ਹੈ ਜਿਸ ਦੀ ਵਰਤੋਂ ਤੁਸੀਂ ਆਪਣੀਆਂ ਡਾਕਟਰੀ ਮੁਲਾਕਾਤਾਂ ਵਾਸਤੇ ਜਾਂ Cancer Council ਨਾਲ ਸੰਪਰਕ ਕਰਨਲਈ ਕਰ ਸਕਦੇ ਹੋ।

ਵੀਡੀਓ: ਰੇਡੀਏਸ਼ਨ ਥੈਰੇਪੀ ਕੀ ਹੈ?

ਕੀਮੋਥੈਰੇਪੀ ਬਾਰੇ ਹੋਰ ਜਾਣਕਾਰੀ ਲਈ ਇਹ ਵੀਡੀਓ ਵੇਖੋ (ਆਪਣੇ ਆਪ ਬਣੇ ਸਬਟਾਈਟਲ ਪੰਜਾਬੀ ਵਿੱਚ ਚਾਲੂ ਕਰਨ ਲਈ ਸੈਟਿੰਗਜ਼ ਖੋਲ੍ਹੋ)।

Watch this short video to learn more about radiation therapy (Open settings to turn on auto-generated subtitles in Punjabi).


See who reviewed this content. | ਦੇਖੋ ਕਿ ਇਸ ਸਮੱਗਰੀ ਦੀ ਸਮੀਖਿਆ ਕਿਸ ਨੇ ਕੀਤੀ ਹੈ।

Understanding Radiation Therapy

A/Prof Mei Ling Yap, Radiation Oncologist, Liverpool Hospital and Campbelltown Hospital, NSW; Alexandria Hitchen, Clinical Nurse Educator, Cancer Services, Central West Cancer Care Centre, NSW; Community reviewers; Vanessa Saunders, 13 11 20 Consultant, Cancer Council NSW.

Translation services provided by Polaron Connect using translators accredited by the National Accreditation Authority for Translators and Interpreters Ltd, with translations also reviewed by in-community language reviewers.

View the Cancer Council NSW editorial policy.