Chemotherapy | ਕੀਮੋਥੈਰੇਪੀ
Below we provide information about chemotherapy in Punjabi. ਹੇਠਾਂ ਅਸੀਂ ਕੀਮੋਥੈਰੇਪੀ ਬਾਰੇ ਪੰਜਾਬੀ ਵਿੱਚ ਜਾਣਕਾਰੀ ਪ੍ਰਦਾਨ ਕਰਦੇ ਹਾਂ, ਜੋ ਕੈਂਸਰ ਵਾਲੇ ਕੁਝ ਲੋਕਾਂ ਨੂੰ ਇਲਾਜ ਵਜੋਂ ਦਿੱਤੀ ਜਾਂਦੀ ਹੈ।

ਕੀਮੋਥੈਰੇਪੀ ਕੀ ਹੈ?
ਕੀਮੋਥੈਰੇਪੀ ਕੈਂਸਰ ਸੈੱਲਾਂ ਦੇ ਵਾਧੇ ਨੂੰ ਮਾਰਨ ਜਾਂ ਹੌਲੀ ਕਰਨ ਲਈ ਦਵਾਈਆਂ ਦੀ
ਵਰਤੋਂ ਹੈ। ਕੀਮੋਥੈਰੇਪੀ ਦੀਆਂ ਬਹੁਤ ਸਾਰੀਆਂ ਵੱਖ-ਵੱਖ ਦਵਾਈਆਂ ਹਨ।
ਕੀਮੋਥੈਰੇਪੀ ਦੀ ਵਰਤੋਂ ਸਰਜਰੀ ਜਾਂ ਰੇਡੀਏਸ਼ਨ ਥੈਰੇਪੀ ਤੋਂ ਪਹਿਲਾਂ ਜਾਂ ਬਾਅਦ ਵਿੱਚ,
ਜਾਂ ਰੇਡੀਏਸ਼ਨ ਥੈਰੇਪੀ ਦੇ ਨਾਲ-ਨਾਲ ਕੀਤੀ ਜਾ ਸਕਦੀ ਹੈ। ਮੈਡੀਕਲ ਓਨਕੋਲੋਜਿਸਟ ਕੀਮੋਥੈਰੇਪੀ ਅਤੇ ਕੈਂਸਰ ਦੀਆਂ ਹੋਰ ਦਵਾਈਆਂ ਨਾਲ ਕੈਂਸਰ ਦਾ ਇਲਾਜ ਕਰਨ ਵਿੱਚ
ਮੁਹਾਰਤ ਰੱਖਦੇ ਹਨ।.

ਕੀਮੋਥੈਰੇਪੀ ਕਿਉਂ ਦਿੱਤੀ ਜਾਂਦੀ ਹੈ?
ਕੀਮੋਥੈਰੇਪੀ ਹੇਠ ਲਿਖਿਆਂ ਕਾਰਨਾਂ ਕਰਕੇ ਵਰਤੀ ਜਾ ਸਕਦੀ ਹੈ:
ਮੁੱਖ ਇਲਾਜ ਵਜੋਂ – ਇਸ ਦਾ ਉਦੇਸ਼ ਕੈਂਸਰ ਦੇ ਲੱਛਣਾਂ ਅਤੇ ਨਿਸ਼ਾਨੀਆਂ ਨੂੰ ਘਟਾਉਣਾ ਜਾਂ ਰੋਕਣਾ ਹੁੰਦਾ ਹੈ।
ਇਲਾਜ ਤੋਂ ਪਹਿਲਾਂ ਕੈਂਸਰ ਨੂੰ ਸੁੰਗੜਾਉਣ ਲਈ – ਮੁੱਖ ਇਲਾਜ, ਜਿਵੇਂ ਕਿ ਸਰਜਰੀ ਜਾਂ ਰੇਡੀਏਸ਼ਨ ਥੈਰੇਪੀ ਦੀ ਸਫ਼ਲਤਾ ਨੂੰ ਵਧਾਉਣ ਲਈ ਕੀਮੋਥੈਰੇਪੀ ਦਿੱਤੀ ਜਾ ਸਕਦੀ ਹੈ।
ਕੈਂਸਰ ਦੇ ਵਾਪਸ ਆਉਣ ਦੀ ਸੰਭਾਵਨਾ ਨੂੰ ਘੱਟ ਕਰਨ ਲਈ – ਕੀਮੋਥੈਰੇਪੀ ਹੋਰ ਇਲਾਜਾਂ ਦੇ ਬਾਅਦ ਦਿੱਤੀ ਜਾ ਸਕਦੀ ਹੈ, ਜਿਵੇਂ ਕਿ ਸਰਜਰੀ ਜਾਂ ਰੇਡੀਏਸ਼ਨ ਥੈਰੇਪੀ ਦੇ ਬਾਅਦ, ਕਿਸੇ ਵੀ ਰਹਿ ਗਏ ਕੈਂਸਰ ਸੈੱਲਾਂ ਨੂੰ ਮਾਰਨ ਲਈ।
ਫ਼ੈਲ ਚੁੱਕੇ ਕੈਂਸਰ ਵਾਸਤੇ – ਕੀਮੋਥੈਰੇਪੀ ਦੀ ਵਰਤੋਂ ਕੈਂਸਰ ਦੇ ਵਾਧੇ ਨੂੰ ਹੌਲੀ ਕਰਨ ਅਤੇ ਇਸ ਨੂੰ ਕੁਝ ਸਮੇਂ ਵਾਸਤੇ ਫ਼ੈਲਣ ਤੋਂ ਰੋਕਣ ਲਈ ਕੀਤੀ ਜਾ ਸਕਦੀ ਹੈ।
ਲੱਛਣਾਂ ਤੋਂ ਛੁਟਕਾਰਾ ਪਾਉਣ ਲਈ – ਦਰਦ ਅਤੇ ਹੋਰ ਲੱਛਣ ਪੈਦਾ ਕਰਨ ਵਾਲੇ ਕੈਂਸਰ ਨੂੰ ਸੁੰਗੜਾਅ ਕੇ ਕੀਮੋਥੈਰੇਪੀ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੀ ਹੈ।
ਕੀਮੋਥੈਰੇਪੀ ਕਿਵੇਂ ਦਿੱਤੀ ਜਾਂਦੀ ਹੈ?
ਜ਼ਿਆਦਾਤਰ ਕੀਮੋਥੈਰੇਪੀ ਖ਼ੂਨ ਵਾਲੀ ਨਸ ਵਿੱਚ ਦਿੱਤੀ ਜਾਂਦੀ ਹੈ। ਇਸ ਨੂੰ ਨਾੜੀ ਵਿੱਚ ਜਾਂ ਆਈ ਵੀ (IV) ਕੀਮੋਥੈਰੇਪੀ ਕਿਹਾ ਜਾਂਦਾ ਹੈ। IV ਕੀਮੋਥੈਰੇਪੀ ਵਾਸਤੇ, ਤੁਹਾਡੀ ਨਰਸ ਤੁਹਾਡੀ ਬਾਂਹ ਵਿੱਚ ਸੂਈ ਵਾਲੀ ਇੱਕ ਛੋਟੀ ਟਿਊਬ ਲਗਾ ਸਕਦੀ ਹੈ – ਇਸ ਨੂੰ ਕੈਨੂਲਾ ਕਿਹਾ ਜਾਂਦਾ ਹੈ।
ਜੇ ਤੁਹਾਡੇ ਬਹੁਤ ਸਾਰੇ ਕੀਮੋਥੈਰੇਪੀ ਸੈਸ਼ਨ ਹੋਣਗੇ, ਤਾਂ ਤੁਹਾਡਾ ਡਾਕਟਰ ਸੁਝਾਅ ਦੇ ਸਕਦਾ ਹੈ ਕਿ ਤੁਹਾਨੂੰ ਇੱਕ ਡੀਵਾਈਸ, ਜਿਵੇਂ ਕਿ ਸੈਂਟਰਲ ਵੇਨਜ਼ ਐਕਸੈਸ ਡੀਵਾਈਸ (CVAD), ਲਗਾਈ ਗਈ ਹੈ – ਇਹ ਸੈਸ਼ਨਾਂ ਦੇ ਵਿਚਕਾਰ ਆਪਣੀ ਜਗ੍ਹਾ ‘ਤੇ ਲੱਗੀ ਰਹਿ ਸਕਦੀ ਹੈ। CVAD ਵਾਲੇ ਕੁਝ ਲੋਕ ਕੀਮੋਥੈਰੇਪੀ ਦੀ ਦਵਾਈ ਲੈਣ ਲਈ ਇੱਕ ਪੋਰਟੇਬਲ ਪੰਪ ਦੀ ਵਰਤੋਂ ਕਰ ਸਕਦੇ ਹਨ।
ਕੀਮੋਥੈਰੇਪੀ ਕਈ ਵਾਰ ਹੋਰਨਾਂ ਤਰੀਕਿਆਂ ਨਾਲ ਦਿੱਤੀ ਜਾਂਦੀ ਹੈ, ਜਿਵੇਂ ਕਿ ਖਾਧੀਆਂ ਜਾਣ ਵਾਲੀਆਂ ਗੋਲੀਆਂ ਰਾਹੀਂ (ਮੂੰਹ ਰਾਹੀਂ ਕੀਮੋਥੈਰੇਪੀ), ਕਰੀਮ ਰਾਹੀਂ ਜੋ ਤੁਸੀਂ ਚਮੜੀ ‘ਤੇ ਲਗਾਉਂਦੇ ਹੋ, ਜਾਂ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਟੀਕੇ ਲਗਾਉਣ ਰਾਹੀਂ।
ਜਿਸ ਤਰੀਕੇ ਨਾਲ ਤੁਸੀਂ ਕੀਮੋਥੈਰੇਪੀ ਕਰਵਾਉਂਦੇ ਹੋ, ਉਹ ਇਲਾਜ ਕੀਤੇ ਜਾ ਰਹੇ ਕੈਂਸਰ ਦੀ ਕਿਸਮ ਅਤੇ ਕੀਮੋਥੈਰੇਪੀ ਲਈ ਵਰਤੀਆਂ ਜਾ ਰਹੀਆਂ ਦਵਾਈਆਂ ‘ਤੇ ਨਿਰਭਰ ਕਰਦਾ ਹੈ। ਤੁਹਾਡੀ ਇਲਾਜ ਕਰਨ ਵਾਲੀ ਟੀਮ ਤੁਹਾਨੂੰ ਦਵਾਈਆਂ ਦੇਣ ਦੇ ਸਭ ਤੋਂ ਵਧੀਆ ਤਰੀਕੇ ਦਾ ਫ਼ੈਸਲਾ ਕਰੇਗੀ।
ਕੀ ਕੀਮੋਥੈਰੇਪੀ ਨਾਲ ਦਰਦ ਹੁੰਦਾ ਹੈ?
ਜੇ ਤੁਹਾਨੂੰ ਕੀਮੋਥੈਰੇਪੀ ਵਾਸਤੇ ਕੋਈ ਕੈਨੂਲਾ ਜਾਂ ਟੀਕਾ ਲਗਾਇਆ ਗਿਆ ਹੈ, ਤਾਂ ਤੁਸੀਂ ਆਮ ਤੌਰ ‘ਤੇ ਇੱਕ ਛੋਟੀ ਜਿਹੀ ਚੁਭਣ ਮਹਿਸੂਸ ਕਰੋਗੇ, ਜਿਵੇਂ ਕਿ ਖ਼ੂਨ ਦਾ ਟੈਸਟ ਕਰਵਾਉਣ ਵੇਲੇ ਹੁੰਦੀ ਹੈ। ਜੇ ਤੁਹਾਨੂੰ CVAD ਲੱਗੀ ਹੈ, ਤਾਂ ਤੁਹਾਨੂੰ ਹਰ ਵਾਰ ਕੈਨੂਲਾ ਪਵਾਉਣ ਦੀ ਜ਼ਰੂਰਤ ਨਹੀਂ ਹੋਏਗੀ।
ਜਦੋਂ ਕੀਮੋਥੈਰੇਪੀ ਦਵਾਈ ਕੈਨੂਲਾ ਜਾਂ CVAD ਰਾਹੀਂ ਖ਼ੂਨ ਵਾਲੀ ਨਸ ਵਿੱਚ ਜਾਂਦੀ ਹੈ, ਤਾਂ ਤੁਹਾਨੂੰ ਅੰਦਰ ਠੰਢਾ ਮਹਿਸੂਸ ਹੋ ਸਕਦਾ ਹੈ।
ਕੁਝ ਕੀਮੋਥੈਰੇਪੀ ਦਵਾਈਆਂ ਨਸਾਂ ਵਿੱਚ ਸੋਜਸ਼ (ਫਲੇਬਾਈਟਿਸ) ਦਾ ਕਾਰਨ ਬਣ ਸਕਦੀਆਂ ਹਨ, ਜੋ ਕੁਝ ਦਿਨਾਂ ਲਈ ਦੁਖਦੀਆਂ ਰਹਿ ਸਕਦੀਆਂ ਹਨ। ਜੇ ਇਹ ਤੁਹਾਡੇ ਨਾਲ ਵਾਪਰਦਾ ਹੈ ਤਾਂ ਆਪਣੀ ਇਲਾਜ ਕਰਨ ਵਾਲੀ ਟੀਮ ਨੂੰ ਦੱਸੋ ਕਿਉਂਕਿ ਇਸ ਬੇਆਰਾਮੀ ਜਾਂ ਦਰਦ ਨੂੰ ਘੱਟ ਕਰਨ ਦੇ ਕੋਈ ਤਰੀਕੇ ਹੋ ਸਕਦੇ ਹਨ।
ਕੀਮੋਥੈਰੇਪੀ ਵਿੱਚ ਕਿੰਨ੍ਹਾ ਕੁ ਸਮਾਂ ਲੱਗੇਗਾ?
ਕੀਮੋਥੈਰਪੀ ਤੁਹਾਨੂੰ ਕਿੰਨੀ ਵਾਰ ਅਤੇ ਕਿੰਨੇ ਸਮੇਂ ਲਈ ਦਿੱਤੀ ਜਾਂਦੀ ਹੈ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿਹੜੇ ਕਿਸਮ ਦਾ ਕੈਂਸਰ ਹੈ, ਇਲਾਜ ਕਰਨ ਦਾ ਕਾਰਨ ਕੀ ਹੈ, ਕਿਹੜੀਆਂ ਦਵਾਈਆਂ ਵਰਤੀਆਂ ਜਾ ਰਹੀਆਂ ਹਨ ਅਤੇ ਕੀ ਤੁਹਾਨੂੰ ਕੋਈ ਮਾੜੇ ਪ੍ਰਭਾਵ ਹੁੰਦੇ ਹਨ।
ਕੀਮੋਥੈਰਪੀ ਆਮ ਤੌਰ ‘ਤੇ ਇੱਕ ਤਹਿ ਸਮੇਂ ਲਈ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇੱਕ ਵਿਸ਼ਰਾਮ ਹੁੰਦਾ ਹੈ। ਇਸ ਨੂੰ ਇੱਕ ਪੂਰਾ ਚੱਕਰ ਕਿਹਾ ਜਾਂਦਾ ਹੈ।
ਸਰਜਰੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੀਮੋਥੈਰੇਪੀ ਵਾਲਾ ਇਲਾਜ ਅਕਸਰ 6 ਮਹੀਨਿਆਂ ਲਈ ਦਿੱਤਾ ਜਾਂਦਾ ਹੈ, ਪਰ ਸਮਾਂ ਵੱਖ-ਵੱਖ ਹੋ ਸਕਦਾ ਹੈ। ਕੈਂਸਰ ਨੂੰ ਵਾਪਸ ਆਉਣ ਤੋਂ ਰੋਕਣ ਲਈ ਜਾਂ ਕੈਂਸਰ ਨੂੰ ਕਾਬੂ ਕਰਨ ਜਾਂ ਲੱਛਣਾਂ ਤੋਂ ਰਾਹਤ ਲੈਣ ਲਈ ਦਿੱਤੀ ਗਈ ਕੀਮੋਥੈਰੇਪੀ ਕਈ ਮਹੀਨਿਆਂ ਜਾਂ ਸਾਲਾਂ ਤੱਕ ਜਾਰੀ ਰਹਿ ਸਕਦੀ ਹੈ।
ਮੈਂ ਕੀਮੋਥੈਰੇਪੀ ਕਿੱਥੇ ਕਰਵਾਵਾਂਗਾ?
ਜ਼ਿਆਦਾਤਰ ਲੋਕਾਂ ਨੂੰ ਕਿਸੇ ਹਸਪਤਾਲ ਜਾਂ ਇਲਾਜ ਵਾਲੇ ਕੇਂਦਰ ਵਿੱਚ ਦਿਨ ਦੀਆਂ ਮੁਲਾਕਾਤਾਂ ਦੌਰਾਨ ਕੀਮੋਥੈਰੇਪੀ ਦਿੱਤੀ ਜਾਂਦੀ ਹੈ। ਕੁਝ ਮਾਮਲਿਆਂ ਵਿੱਚ, ਰਾਤ ਭਰ ਜਾਂ ਵਧੇਰੇ ਸਮੇਂ ਲਈ ਹਸਪਤਾਲ ਵਿੱਚ ਠਹਿਰਨ ਦੀ ਲੋੜ ਪੈ ਸਕਦੀ ਹੈ।
ਜਿਹੜੇ ਲੋਕ ਮੂੰਹ ਰਾਹੀਂ ਲਈ ਜਾਣ ਵਾਲੀ ਕੀਮੋਥੈਰੇਪੀ ਕਰਵਾਉਂਦੇ ਹਨ ਜਾਂ ਪੰਪ ਦੀ ਵਰਤੋਂ ਕਰਦੇ ਹਨ, ਉਹ ਆਮ ਤੌਰ ‘ਤੇ ਘਰ ਵਿਖੇ ਆਪਣਾ ਇਲਾਜ ਕਰਵਾ ਸਕਦੇ ਹਨ। ਕਈ ਵਾਰ ਕੋਈ ਮੁਲਾਕਾਤ ਕਰਨ ਵਾਲੀ ਨਰਸ ਤੁਹਾਨੂੰ ਨਾੜੀ ਰਾਹੀਂ ਜਾਂ ਤੁਹਾਡੇ ਘਰ ਵਿੱਚ ਟੀਕੇ ਰਾਹੀਂ ਕੀਮੋਥੈਰੇਪੀ ਦੇ ਸਕਦੀ ਹੈ।
ਮੇਰੀ ਕੀਮੋਥੈਰਪੀ ਇੰਫਿਊਜ਼ਨ ਵਿੱਚ ਲਗਭਗ 8 ਘੰਟੇ ਲੱਗਦੇ ਸਨ, ਕਿਉਂਕਿ ਮੈਨੂੰ 2 ਦਵਾਈਆਂ ਦਿੱਤੀਆਂ ਜਾਂਦੀਆਂ ਸਨ ਅਤੇ ਵਿਚਕਾਰ ਸੈਲਾਈਨ ਘੋਲ ਵੀ ਲਗਾਇਆ ਜਾਂਦਾ ਸੀ।
CHERYL
ਕੀਮੋਥੈਰੇਪੀ ਦੇ ਮਾੜੇ ਪ੍ਰਭਾਵ
ਕੀ ਤੁਹਾਨੂੰ ਮਾੜੇ ਪ੍ਰਭਾਵ ਹੁੰਦੇ ਹਨ ਜਾਂ ਨਹੀਂ, ਅਤੇ ਉਹ ਕਿੰਨ੍ਹੇ ਕੁ ਹਲਕੇ ਜਾਂ ਤੀਬਰ ਹੁੰਦੇ ਹਨ, ਇਹ ਤੁਹਾਨੂੰ ਦਿੱਤੀਆਂ ਜਾਂਦੀਆਂ ਦਵਾਈਆਂ ਦੀ ਕਿਸਮ ਅਤੇ ਖੁਰਾਕ ‘ਤੇ ਨਿਰਭਰ ਕਰ ਸਕਦਾ ਹੈ। ਤੁਹਾਡੀ ਪ੍ਰਤੀਕਿਰਿਆ ਇੱਕ ਇਲਾਜ ਵਾਲੇ ਚੱਕਰ ਤੋਂ ਦੂਜੇ ਇਲਾਜ ਵਾਲੇ ਚੱਕਰ ਤੱਕ ਬਦਲ ਵੀ ਸਕਦੀ ਹੈ। ਜੇ ਤੁਹਾਨੂੰ ਕੋਈ ਮਾੜੇ ਪ੍ਰਭਾਵ ਹੁੰਦੇ ਹਨ ਤਾਂ ਆਪਣੀ ਕੈਂਸਰ ਦਾ ਇਲਾਜ ਕਰਨ ਵਾਲੀ ਟੀਮ ਨੂੰ ਦੱਸੋ।
ਮਾੜੇ ਪ੍ਰਭਾਵ ਅਕਸਰ ਅਸਥਾਈ ਹੁੰਦੇ ਹਨ ਅਤੇ ਆਮ ਤੌਰ ‘ਤੇ ਇਹਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਹੋ ਸਕਦਾ ਹੈ ਕੁਝ ਮਾੜੇ ਪ੍ਰਭਾਵ ਮਹੀਨਿਆਂ ਜਾਂ ਸਾਲਾਂ ਤੱਕ ਨਾ ਦਿਖਾਈ ਦੇਣ। ਇਹਨਾਂ ਨੂੰ ਬਾਅਦ ਵਿੱਚ ਹੋਣ ਵਾਲੇ ਪ੍ਰਭਾਵ ਕਿਹਾ ਜਾਂਦਾ ਹੈ।
ਕੈਂਸਰ ਦਾ ਇਲਾਜ ਕਰਨ ਲਈ ਦਵਾਈ ਦੀਆਂ ਹੋਰ ਥੈਰੇਪੀਆਂ
ਕੀਮੋਥੈਰੇਪੀ ਤੋਂ ਇਲਾਵਾ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹੋਰ ਕਿਸਮਾਂ ਦੀਆਂ ਦਵਾਈਆਂ ਹਨ। ਇਨ੍ਹਾਂ ਵਿੱਚ ਨਿਸ਼ਾਨਾਬੱਧ ਥੈਰੇਪੀ, ਇਮਿਊਨੋਥੈਰੇਪੀ ਅਤੇ ਹਾਰਮੋਨ ਥੈਰੇਪੀ ਸ਼ਾਮਲ ਹਨ। ਕੀਮੋਥੈਰੇਪੀ ਵਾਂਗ, ਇਨ੍ਹਾਂ ਨੂੰ ਐਂਟੀ-ਕੈਂਸਰ ਡਰੱਗ ਇਲਾਜ ਜਾਂ ਪ੍ਰਣਾਲੀਗਤ ਐਂਟੀ-ਕੈਂਸਰ ਥੈਰੇਪੀ ਵਜੋਂ ਜਾਣਿਆ ਜਾਂਦਾ ਹੈ।
ਵੱਖੋ-ਵੱਖਰੀਆਂ ਦਵਾਈਆਂ ਦੀਆਂ ਥੈਰੇਪੀਆਂ ਕੈਂਸਰ ਵਾਲੇ ਸੈੱਲਾਂ ਨੂੰ ਨਸ਼ਟ ਕਰਨ ਲਈ ਵੱਖੋ-ਵੱਖਰੇ ਤਰੀਕਿਆਂ ਨਾਲ ਕੰਮ ਕਰਦੀਆਂ ਹਨ। ਇਨ੍ਹਾਂ ਦਵਾਈ ਦੀਆਂ ਹੋਰ ਥੈਰੇਪੀਆਂ ਦੀ ਵਰਤੋਂ ਕੀਮੋਥੈਰੇਪੀ, ਸਰਜਰੀ ਜਾਂ ਰੇਡੀਏਸ਼ਨ ਥੈਰੇਪੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੀਤੀ ਜਾ ਸਕਦੀ ਹੈ। ਤੁਹਾਡੀ ਕੈਂਸਰ ਦਾ ਇਲਾਜ ਕਰਨ ਵਾਲੀ ਟੀਮ ਤੁਹਾਡੇ ਵਾਸਤੇ ਸਭ ਤੋਂ ਢੁੱਕਵੀਂ ਇਲਾਜ ਯੋਜਨਾ ਦੀ ਸਿਫਾਰਸ਼ ਕਰੇਗੀ।
ਕੀ ਕੀਮੋਥੈਰੇਪੀ ਮੇਰੀ ਜਣਨ-ਸ਼ਕਤੀ ਨੂੰ ਪ੍ਰਭਾਵਿਤ ਕਰੇਗੀ?
ਕੀਮੋਥੈਰੇਪੀ ਬੱਚੇ ਪੈਦਾ ਕਰਨ ਦੀ ਤੁਹਾਡੀ ਯੋਗਤਾ (ਜਣਨ-ਸ਼ਕਤੀ) ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਅਸਥਾਈ ਜਾਂ ਸਥਾਈ ਹੋ ਸਕਦੀ ਹੈ ਅਤੇ ਤੁਹਾਡੇ ਵੱਲੋਂ ਕਰਵਾਏ ਗਏ ਕੈਂਸਰ ਦੀ ਕਿਸਮ ਅਤੇ ਇਲਾਜ ‘ਤੇ ਨਿਰਭਰ ਕਰਦਾ ਹੈ।
ਜੇ ਤੁਸੀਂ ਭਵਿੱਖ ਵਿੱਚ ਬੱਚੇ ਪੈਦਾ ਕਰਨਾ ਚਾਹੁੰਦੇ ਹੋ, ਤਾਂ ਕੀਮੋਥੈਰੇਪੀ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਇਸ ਬਾਰੇ ਗੱਲ ਕਰੋ ਕਿ ਇਲਾਜ ਤੁਹਾਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਅਤੇ ਕਿਹੜੇ ਤਰੀਕੇ ਉਪਲਬਧ ਹਨ।
ਆਂਡੇ, ਭਰੂਣ, ਅੰਡਕੋਸ਼ ਦੇ ਟਿਸ਼ੂ ਜਾਂ ਸ਼ੁਕਰਾਣੂਆਂ ਨੂੰ ਬਾਅਦ ਵਾਲੇ ਸਮੇਂ ਵਿੱਚ ਵਰਤਣ ਲਈ ਇਕੱਤਰ ਕੀਤਾ ਜਾ ਸਕਦਾ ਹੈ ਅਤੇ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਕੀਮੋਥੈਰੇਪੀ ਸ਼ੁਰੂ ਹੋਣ ਤੋਂ ਪਹਿਲਾਂ ਅਜਿਹਾ ਕਰਨ ਦੀ ਲੋੜ ਹੁੰਦੀ ਹੈ।
ਮੈਂ ਸਾਰੀ ਉਮਰ ਪਿਤਾ ਬਣਨਾ ਚਾਹੁੰਦਾ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਕੈਂਸਰ ਮੇਰੀਆਂ ਪਿਤਾ ਬਣਨ ਦੀਆਂ ਸੰਭਾਵਨਾਵਾਂ ਨੂੰ ਬਰਬਾਦ ਕਰ ਦੇਵੇ, ਇਸ ਲਈ ਮੈਂ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਸ਼ੁਕਰਾਣੂਆਂ ਨੂੰ ਸੰਭਾਲ ਕੇ ਰੱਖਵਾ ਲਿਆ।
ZAC
ਤੁਹਾਡੇ ਡਾਕਟਰ ਵਾਸਤੇ ਸਵਾਲ
ਸਵਾਲ ਪੁੱਛਣਾ ਤੁਹਾਨੂੰ ਸੋਚ ਕੇ ਚੋਣ ਕਰਨ ਵਿੱਚ ਮਦਦ ਕਰ ਸਕਦਾ ਹੈ। ਉਹ ਸਵਾਲ ਜੋ ਤੁਸੀਂ ਪੁੱਛਣੇ ਪਸੰਦ ਕਰ ਸਕਦੇ ਹੋ ਉਹ ਹਨ:
- ਮੈਨੂੰ ਕੀਮੋਥੈਰੇਪੀ ਕਿਉਂ ਕਰਵਾਉਣੀ ਚਾਹੀਦੀ ਹੈ?
- ਮੇਰੇ ਕੈਂਸਰ ਦੀ ਕਿਸਮ ਵਾਸਤੇ ਕੀਮੋਥੈਰੇਪੀ ਕਿੰਨ੍ਹੀ ਕੁ ਸਫ਼ਲ ਹੈ?
- ਕੀ ਮੇਰੇ ਕੋਲ ਹੋਰ ਇਲਾਜ ਵੀ ਹੋਣਗੇ?
- ਮੇਰਾ ਇਲਾਜ ਕਿਵੇਂ ਕੀਤਾ ਜਾਵੇਗਾ?
- ਕੀਮੋਥੈਰੇਪੀ ਦਾ ਖ਼ਰਚਾ ਕਿੰਨਾ ਹੈ?
- ਮੈਨੂੰ ਕੀਮੋਥੈਰੇਪੀ ਕਦੋਂ ਤੱਕ ਕਰਵਾਉਣੀ ਪਵੇਗੀ?
- ਮੈਨੂੰ ਕਿਵੇਂ ਪਤਾ ਲੱਗੇਗਾ ਕਿ ਇਲਾਜ ਕੰਮ ਕਰ ਰਿਹਾ ਹੈ?
- ਖ਼ਤਰੇ ਅਤੇ ਸੰਭਾਵੀ ਮਾੜੇ ਪ੍ਰਭਾਵ ਕੀ ਹਨ? ਮਾੜੇ ਪ੍ਰਭਾਵ ਕਿੰਨ੍ਹੇ ਕੁ ਸਮੇਂ ਤੱਕ ਰਹਿਣਗੇ?
- ਮਾੜੇ ਪ੍ਰਭਾਵਾਂ ਨਾਲ ਨਜਿੱਠਣ ਲਈ ਕੀ ਕੀਤਾ ਜਾ ਸਕਦਾ ਹੈ?
- ਕੀ ਕੀਮੋਥੈਰੇਪੀ ਮੇਰੀ ਸੈਕਸ ਲਾਈਫ਼ ਅਤੇ ਜਣਨ-ਸ਼ਕਤੀ ਨੂੰ ਪ੍ਰਭਾਵਿਤ ਕਰੇਗੀ?
ਹੋਰ ਸਵਾਲਾਂ ਲਈ, ਪੰਜਾਬੀ ਵਿੱਚ “ਆਪਣੇ ਡਾਕਟਰ ਨੂੰ ਪੁੱਛਣ ਲਈ ਸਵਾਲ” ਭਾਗ ਵੇਖੋ।
ਆਪਣੀ ਭਾਸ਼ਾ ਵਿੱਚ ਮਦਦ ਅਤੇ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ
- Cancer Council ਨੂੰ 13 11 20 ‘ਤੇ ਫ਼ੋਨ ਕਰੋ। ਅਸੀਂ ਤੁਹਾਨੂੰ ਦੁਭਾਸ਼ੀਆ ਸੇਵਾਵਾਂ ਨਾਲ ਜੋੜ ਸਕਦੇ ਹਾਂ ਅਤੇ ਤੁਹਾਡੀ ਭਾਸ਼ਾ ਵਿੱਚ ਸਰੋਤ ਪ੍ਰਦਾਨ ਕਰਵਾ ਸਕਦੇ ਹਾਂ।
- TIS National ਨੂੰ 131 450 ‘ਤੇ ਫ਼ੋਨ ਕਰੋ। ਇਹ ਮੁਫ਼ਤ ਦੁਭਾਸ਼ੀਆ ਸੇਵਾ ਹੈ ਜੋ ਤੁਹਾਨੂੰ ਦੁਭਾਸ਼ੀਏ ਨਾਲ ਜੋੜ ਸਕਦੀ ਹੈ ਜਿਸ ਦੀ ਵਰਤੋਂ ਤੁਸੀਂ ਆਪਣੀਆਂ ਡਾਕਟਰੀ ਮੁਲਾਕਾਤਾਂ ਵਾਸਤੇ ਜਾਂ Cancer Council ਨਾਲ ਸੰਪਰਕ ਕਰਨਲਈ ਕਰ ਸਕਦੇ ਹੋ।
ਵੀਡੀਓ: ਕੀਮੋਥੈਰੇਪੀ ਕੀ ਹੈ?
ਕੀਮੋਥੈਰੇਪੀ ਬਾਰੇ ਹੋਰ ਜਾਣਕਾਰੀ ਲਈ ਇਹ ਵੀਡੀਓ ਵੇਖੋ (ਆਪਣੇ ਆਪ ਬਣੇ ਸਬਟਾਈਟਲ ਪੰਜਾਬੀ ਵਿੱਚ ਚਾਲੂ ਕਰਨ ਲਈ ਸੈਟਿੰਗਜ਼
ਖੋਲ੍ਹੋ)।
Watch this video to learn more about chemotherapy (Open Settings
to turn on auto-generated subtitles in Punjabi).
Understanding Chemotherapy
Dr Yada Kanjanapan, Medical Oncologist, Icon Cancer Centre Canberra, Canberra Hospital, ACT; Gillian Blanchard, Oncology Nurse Practitioner, Calvary Mater Newcastle, NSW and Director, Cancer Nurses Society of Australia; Community reviewers; Vanessa Saunders, 13 11 20 Consultant, Cancer Council NSW.
Translation services provided by Polaron Connect using translators accredited by the National Accreditation Authority for Translators and Interpreters Ltd, with translations also reviewed by in-community language reviewers.
View the Cancer Council NSW editorial policy.