Living well after cancer | ਕੈਂਸਰ ਤੋਂ ਬਾਅਦ ਚੰਗੀ ਜ਼ਿੰਦਗੀ ਜਿਉਣਾ

This information is for people who have completed cancer treatment. ਹਰ ਸਾਲ, ਕੈਂਸਰ ਵਾਲੇ ਬਹੁਤ ਸਾਰੇ ਲੋਕਾਂ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਜਾਂਦਾ ਹੈ। ਇਹ ਜਾਣਕਾਰੀ ਉਹਨਾਂ ਮਰੀਜ਼ਾਂ ਲਈ ਹੈ ਜਿਨ੍ਹਾਂ ਨੇ ਕੈਂਸਰ ਦਾ ਇਲਾਜ ਪੂਰਾ ਕਰ ਲਿਆ ਹੈ।

Cover for fact sheet Living Well After Cancer Punjabi
Download PDF

ਜਦੋਂ ਇਲਾਜ ਖ਼ਤਮ ਹੁੰਦਾ ਹੈ

ਕੈਂਸਰ ਦੇ ਇਲਾਜ ਦੇ ਦੌਰਾਨ, ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਤੁਹਾਡੀ ਜ਼ਿੰਦਗੀ ਰੁਕ ਗਈ ਹੈ। ਜਦ ਇਲਾਜ ਖ਼ਤਮ ਹੋ ਜਾਂਦਾ ਹੈ, ਤਾਂ ਤੁਸੀਂ ਉਮੀਦ ਕਰ ਸਕਦੇ ਹੋ ਕਿ ਜ਼ਿੰਦਗੀ ਜਲਦੀ ਹੀ ਆਮ ਵਰਗੀ ਹੋ ਜਾਵੇਗੀ। ਪਰ, ਤੁਹਾਡੀਆਂ ਆਮ ਸਰਗਰਮੀਆਂ ਵੱਲ ਵਾਪਸ ਜਾਣਾ ਮੁਸ਼ਕਿਲ ਹੋ ਸਕਦਾ ਹੈ। ਤੁਸੀਂ ਮਹਿਸੂਸ ਕਰ ਸਕਦੇ ਹੋ ਅਤੇ ਵੱਖਰੇ ਦਿਖਾਈ ਦੇ ਸਕਦੇ ਹੋ।

ਸਮੇਂ ਦੇ ਨਾਲ, ਲੋਕ ਅਕਸਰ ਕੈਂਸਰ ਤੋਂ ਬਾਅਦ ਜਿਉਣ ਦਾ ਇੱਕ ਨਵਾਂ ਤਰੀਕਾ ਲੱਭ ਲੈਂਦੇ ਹਨ। ਇਸ ਪ੍ਰਕਿਰਿਆ ਨੂੰ ਆਮ ਤੌਰ ‘ਤੇ ਇੱਕ ‘ਨਵਾਂ ਆਮ ਜੀਵਨ’ ਲੱਭਣਾ ਕਿਹਾ ਜਾਂਦਾ ਹੈ – ਇਸ ਨੂੰ ਮਹੀਨਿਆਂ ਜਾਂ ਸਾਲਾਂ ਦਾ ਸਮਾਂ ਲੱਗ ਸਕਦਾ ਹੈ।


ਔਸਤ ਆਸਟ੍ਰੇਲੀਆਈ ਵਿੱਚ ਹਰ ਸਾਲ 1.2 ਮਿਲੀਅਨ (12 ਲੱਖ) ਤੋਂ ਵੱਧ ਲੋਕਾਂ ਦੀ ਨਿਦਾਨ ਕਾਲ ਦੌਰਾਨ ਕੈਂਸਰ ਦੀ ਪਛਾਣ ਕੀਤੀ ਜਾਂਦੀ ਹੈ। ਇਹ ਗਿਣਤੀ ਵੱਧ ਰਹੀ ਹੈ ਕਿਉਂਕਿ ਵੱਧ ਲੋਕ ਕੈਂਸਰ ਪਹਿਲਾਂ ਨਾਲੋਂ ਲੰਬੇ ਸਮੇਂ ਤੱਕ ਜੀਵਦੇ ਹਨ ਅਤੇ ਇਲਾਜ ਵਿੱਚ ਸੁਧਾਰ ਹੁੰਦਾ ਰਹਿੰਦਾ ਹੈ।


ਤੁਹਾਡੀਆਂ ਭਾਵਨਾਵਾਂ

ਜਦੋਂ ਇਲਾਜ ਖ਼ਤਮ ਹੋ ਜਾਂਦਾ ਹੈ ਤਾਂ ਲੋਕਾਂ ਵਿੱਚ ਮਿਸ਼ਰਤ ਭਾਵਨਾਵਾਂ ਹੋਣੀਆਂ ਆਮ ਗੱਲ ਹੈ। ਭਵਿੱਖ ਬਾਰੇ ਸੋਚਣ ਤੋਂ ਪਹਿਲਾਂ ਤੁਹਾਨੂੰ ਥੋੜ੍ਹਾ ਰੁਕਣ ਅਤੇ ਪਿੱਛੇ ਮੁੜ ਕੇ ਵੇਖਣ ਲਈ ਸਮੇਂ ਦੀ ਲੋੜ ਪੈ ਸਕਦੀ ਹੈ ਕਿ ਤੁਹਾਡੇ ਨਾਲ ਕੀ ਵਾਪਰਿਆ ਹੈ।

ਆਮ ਭਾਵਨਾਵਾਂ ਵਿੱਚ ਸ਼ਾਮਲ ਹਨ:

  • ਰਾਹਤ ਮਿਲਣੀ ਕਿ ਇਲਾਜ ਖ਼ਤਮ ਹੋ ਗਿਆ ਹੈ
  • ਡਰ ਹੈ ਕਿ ਕੈਂਸਰ ਵਾਪਸ ਆ ਜਾਵੇਗਾ (ਦੋਬਾਰਾ)
  • ਇਸ ਗੱਲ ਵਾਸਤੇ ਘਾਟੇ ਜਾਂ ਸੋਗ ਦੀ ਭਾਵਨਾ ਕਿ ਜਿੰਦਗੀ ਕਿਹੋ ਜਿਹੀ ਹੁੰਦੀ ਸੀ
  • ਵਧੇਰੇ ਭਾਵਨਾਤਮਕ ਹੋਣਾ ਜਾਂ ਰੋਣਹਾਕੇ ਹੋਣਾ
  • ਥੱਕੇ ਜਾਂ ਹੰਭੇ ਹੋਏ ਮਹਿਸੂਸ ਕਰਨਾ
  • ਇਸ ਬਾਰੇ ਗੁੱਸਾ ਕਿ ਕੈਂਸਰ ਨੇ ਤੁਹਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ
  • ਭਵਿੱਖ ਬਾਰੇ ਆਸ਼ਾਵਾਦੀ ਹੋਣਾ |

ਕੈਂਸਰ ਦਾ ਇਲਾਜ ਖ਼ਤਮ ਹੋਣ ਦੇ ਬਾਅਦ ਸਿੱਝਣ ਦੇ ਤਰੀਕੇ

  • ਹਰ ਨਵੇਂ ਦਿਨ ‘ਤੇ ਧਿਆਨ ਕੇਂਦ੍ਰਿਤ ਕਰੋ – ਚੰਗੇ ਅਤੇ ਮਾੜੇ ਦੋਵਾਂ ਦਿਨਾਂ ਦੀ ਉਮੀਦ ਕਰੋ।
  • ਚੀਜ਼ਾਂ ਨੂੰ ਆਪਣੀ ਖੁਦ ਦੇ ਤਰੀਕੇ ਨਾਲ ਕਰੋ। ਫ਼ੈਸਲੇ ਲੈਣ ਜਾਂ ਤੁਰੰਤ ਨਵੀਆਂ ਸਰਗਰਮੀਆਂ ਸ਼ੁਰੂ ਕਰਨ ਦੇ ਦਬਾਅ ਤੋਂ ਪਰਹੇਜ਼ ਕਰੋ।
  • ਜੇ ਤੁਸੀਂ ਕਰ ਸਕਦੇ ਹੋ, ਤਾਂ ਇਹ ਗੱਲ ਸਾਂਝੀ ਕਰੋ ਕਿ ਤੁਸੀਂ ਪਰਿਵਾਰ, ਦੋਸਤਾਂ ਅਤੇ ਆਪਣੇ ਭਾਈਚਾਰੇ ਨਾਲ ਕਿਵੇਂ ਮਹਿਸੂਸ ਕਰਦੇ ਹੋ।
  • ਜੇ ਤੁਸੀਂ ਚਿੰਤਤ ਹੋ ਕਿ ਤੁਸੀਂ ਉਦਾਸੀਨ (ਡਿਪਰੈਸ਼ਨ ਵਿੱਚ) ਹੋ ਸਕਦੇ ਹੋ ਜਾਂ ਤੁਸੀਂ ਕਿਸੇ ਮਨੋਵਿਗਿਆਨੀ ਜਾਂ ਕੌਂਸਲਰ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।
  • ਕੁਝ ਕਿਸਮ ਦੇ ਆਰਾਮ ਕਰਨ ਦਾ ਅਭਿਆਸ ਕਰੋ, ਜਿਵੇਂ ਕਿ ਧਿਆਨ ਲਗਾਉਣਾ, ਯੋਗਾ, ਤਾਈ ਚੀ ਜਾਂ ਡੂੰਘੇ ਸਾਹ ਲੈਣਾ। ਕੁਝ ਕੁ ਲੋਕ ਹੋਰ ਚੀਜ਼ਾਂ ਕਰਕੇ ਆਰਾਮ ਕਰਨਾ ਪਸੰਦ ਕਰਦੇ ਹਨ, ਜਿਵੇਂ ਕਿ ਬਾਗ਼ਬਾਨੀ ਕਰਨਾ, ਪੜ੍ਹਨਾ, ਖਾਣਾ ਪਕਾਉਣਾ ਜਾਂ ਸੰਗੀਤ ਸੁਣਨਾ।
  • ਆਪਣੀਆਂ ਭਾਵਨਾਵਾਂ ਨੂੰ ਜਰਨਲ ਵਿੱਚ ਲਿਖੋ।
  • Cancer Council ਨੂੰ 13 11 20 ‘ਤੇ ਫ਼ੋਨ ਕਰੋ (“ਮਦਦ ਅਤੇ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ” ਸੈਕਸ਼ਨ ਵੇਖੋ)।

ਕੈਂਸਰ ਦੇ ਇਲਾਜ ਤੋਂ ਬਾਅਦ ਜ਼ਿੰਦਗੀ ਵਿੱਚ ਸਹਿਜ ਹੋਣ ਲਈ ਆਪਣੇ ਆਪ ਨੂੰ ਸਮਾਂ ਦਿਓ। ਆਪਣੀਆਂ ਭਾਵਨਾਵਾਂ ਨਾਲ ਨਜਿੱਠਣਾ ਕੈਂਸਰ ਦੇ ਬਾਅਦ ਚੰਗੀ ਤਰ੍ਹਾਂ ਜਿਉਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

Illustrations of man listening to headphones and person writing in book

ਮੇਰੇ ਇਲਾਜ ਤੋਂ ਬਾਅਦ, ਇੱਕ ਮਨੋਵਿਗਿਆਨੀ ਨੇ ਸਮਝਾਇਆ ਕਿ ਇਹ ਮਹਿਸੂਸ ਕਰਨਾ ਆਮ ਗੱਲ ਹੈ ਕਿ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੈ। ਦੁਨੀਆ ਬਾਰੇ ਆਪਣੇ ਨਜ਼ਰੀਏ ਅਤੇ ਆਪਣੇ ਧਾਰਮਿਕ ਵਿਸ਼ਵਾਸਾਂ ‘ਤੇ ਸਵਾਲ ਉਠਾਉਣਾ ਵੀ ਆਮ ਗੱਲ ਹੈ।

DAVID

ਜੀਵਨ ਸ਼ੈਲੀ ਦੀਆਂ ਚੋਣਾਂ

ਕੈਂਸਰ ਦੇ ਇਲਾਜ ਤੋਂ ਬਾਅਦ ਆਪਣੀ ਦੇਖਭਾਲ ਕਰਨਾ ਮਹੱਤਵਪੂਰਨ ਹੈ। ਇਸ ਦਾ ਮਤਲਬ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨਾ ਅਤੇ ਸਿਹਤਮੰਦ ਬਣੇ ਰਹਿਣ ਦੇ ਨਵੇਂ ਤਰੀਕਿਆਂ ਨੂੰ ਅਪਣਾਉਣਾ ਹੋ ਸਕਦਾ ਹੈ। ਆਪਣੀ ਦੇਖਭਾਲ ਕਿਵੇਂ ਕਰਨੀ ਹੈ ਦੀ ਯੋਜਨਾ ਬਣਾਉਣਾ ਤੁਹਾਨੂੰ ਕਾਬੂ ਵਿੱਚ ਰੱਖਣ ਦੀ ਭਾਵਨਾ ਵਾਪਸ ਦੇਣ ਵਿੱਚ ਮਦਦ ਕਰ ਸਕਦਾ ਹੈ। ਤੁਹਾਡੀ ਯੋਜਨਾ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

ਤੰਬਾਕੂਨੋਸ਼ੀ ਅਤੇ ਵੇਪਿੰਗ ਬੰਦ ਕਰ ਦਿਓ
ਤੰਬਾਕੂਨੋਸ਼ੀ ਅਤੇ ਵੇਪਿੰਗ ਛੱਡਣ ਦਾ ਟੀਚਾ ਰੱਖੋ। ਤੰਬਾਕੂਨੋਸ਼ੀ ਛੱਡਣਾ ਮੁਸ਼ਕਿਲ ਹੋ ਸਕਦਾ ਹੈ, ਖਾਸ ਕਰਕੇ ਜੇ ਤੁਸੀਂ ਚਿੰਤਾਗ੍ਰਸਤ ਮਹਿਸੂਸ ਕਰਦੇ ਹੋ। ਸਹਾਇਤਾ ਵਾਸਤੇ, ਆਪਣੇ ਡਾਕਟਰ ਨਾਲ ਗੱਲ ਕਰੋ ਜਾਂ 13 78 48 ‘ਤੇ Quitline ਨੂੰ ਫ਼ੋਨ ਕਰੋ (Quitline ਦੁਭਾਸ਼ੀਏ ਪ੍ਰਦਾਨ ਕਰ ਸਕਦੀ ਹੈ)।
ਚੰਗਾ ਭੋਜਨ ਖਾਓ
5 ਭੋਜਨ ਸਮੂਹਾਂ ਵਿੱਚੋਂ ਸੰਤੁਲਿਤ ਖੁਰਾਕ ਖਾਓ – ਹਰੀਆਂ ਸਬਜ਼ੀਆਂ ਅਤੇ ਫਲ਼ੀਦਾਰ ਸਬਜ਼ੀਆਂ, ਫਲ਼, ਸਾਬਤ ਅਨਾਜ, ਮੀਟ (ਜਾਂ ਵਿਕਲਪ) ਅਤੇ ਡੇਅਰੀ। ਸੰਤ੍ਰਿਪਤ ਚਰਬੀ ਅਤੇ ਨਮਕ ਅਤੇ ਖੰਡ ਦੀ ਮਾਤਰਾ ਨੂੰ ਸੀਮਤ ਕਰੋ।
ਸ਼ਰਾਬ ਨੂੰ ਸੀਮਿਤ ਕਰੋ
ਸ਼ਰਾਬ ਨੂੰ ਸੀਮਿਤ ਕਰਨਾ ਜਾਂ ਇਸ ਤੋਂ ਪਰਹੇਜ਼ ਕਰਨਾ ਕੈਂਸਰ ਦੇ ਖ਼ਤਰੇ ਨੂੰ ਘੱਟ ਕਰੇਗਾ, ਅਤੇ ਤੁਹਾਡੀ ਆਮ ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਕਰੇਗਾ। ਹਫ਼ਤੇ ਵਿੱਚ 10 ਤੋਂ ਵਧੇਰੇ ਮਿਆਰੀ ਡ੍ਰਿੰਕ ਨਾ ਪੀਓ।
Icon: Walking the dogਸਰੀਰਕ ਤੌਰ ‘ਤੇ ਸਰਗਰਮ ਰਹੋ
ਕੋਈ ਵੀ ਸਰੀਰਕ ਗਤੀਵਿਧੀ ਕਰਨਾ, ਕੁਝ ਵੀ ਨਾ ਕਰਨ ਨਾਲੋਂ ਬਿਹਤਰ ਹੈ। ਇਸ ਨੂੰ ਹੱਦੋਂ ਵੱਧ ਕਰਨ ਤੋਂ ਬਚਣ ਲਈ, ਹੌਲੀ-ਹੌਲੀ ਸਰੀਰਕ ਗਤੀਵਿਧੀ ਸ਼ੁਰੂ ਕਰੋ ਅਤੇ ਹੌਲੀ-ਹੌਲੀ ਅੱਗੇ ਵਧੋ। ਤੁਹਾਡੇ ਦੁਆਰਾ ਲਈਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ, ਕਸਰਤ ਦੀ ਮਾਤਰਾ ਅਤੇ ਕਿਸਮ ਬਾਰੇ ਆਪਣੇ ਮਾਹਰ ਜਾਂ ਡਾਕਟਰ (ਜੀ.ਪੀ.) ਨਾਲ ਗੱਲ ਕਰੋ ਕਿ ਇਹ ਤੁਹਾਡੇ ਵਾਸਤੇ ਸਹੀ ਹਨ।
Icon showing 50+ sunscreenਸੰਨਸਮਾਰਟ ਬਣੋ
ਹੇਠ ਲਿਖਿਆਂ ਦੁਆਰਾ ਆਪਣੇ ਆਪ ਨੂੰ ਧੁੱਪ ਤੋਂ ਬਚਾਓ:
• ਅਜਿਹੇ ਕੱਪੜੇ ਪਹਿਨੋ ਜੋ ਤੁਹਾਡੇ ਮੋਢਿਆਂ, ਬਾਹਵਾਂ, ਲੱਤਾਂ ਅਤੇ ਸਰੀਰ ਨੂੰ ਢੱਕਦੇ ਹਨ
• SPF 50 ਜਾਂ SPF 50+ ਬਰੌਡ-ਸਪੈਕਟ੍ਰਮ ਦੀ ਵਰਤੋਂ ਕਰੋ, ਬਾਹਰਵਾਰ ਰਹਿਣ ਸਾਰੇ ਸਮੇਂ ਦੌਰਾਨ ਪਾਣੀ-ਪ੍ਰਤੀਰੋਧੀ ਸੰਨਸਕ੍ਰੀਨ ਦੀ ਵਰਤੋਂ ਕਰੋ
• ਟੋਪੀ ਪਹਿਨੋ, ਜੋ ਤੁਹਾਡੇ ਚਿਹਰੇ, ਗਰਦਨ ਅਤੇ ਕੰਨਾਂ ਨੂੰ ਛਾਂ ਦਿੰਦੀ ਹੈ
• ਆਸਟ੍ਰੇਲੀਆ ਦੇ ਮਿਆਰਾਂ ਨੂੰ ਪੂਰਾ ਕਰਦੀਆਂ ਧੁੱਪ ਦੀਆਂ ਐਨਕਾਂ ਨਾਲ ਅੱਖਾਂ ਦੀ ਰੱਖਿਆ ਕਰੋ
• ਛਾਂ ਦੀ ਭਾਲ ਕਰੋ।

ਕੰਮ ‘ਤੇ ਵਾਪਸ ਆਉਣਾ

ਭਾਵੇਂ ਤੁਸੀਂ ਖੁਦ ਲਈ ਕੰਮ ਕਰਦੇ ਹੋ ਜਾਂ ਕੋਈ ਕਰਮਚਾਰੀ ਹੋ, ਤੁਸੀਂ ਇਸ ਬਾਰੇ ਚਿੰਤਾ ਕਰ ਸਕਦੇ ਹੋ ਕਿ ਕੀ ਤੁਸੀਂ ਆਪਣਾ ਕੰਮ ਪਹਿਲਾਂ ਵਾਂਗ ਕਰ ਸਕਦੇ ਹੋ। ਕੁਝ ਲੋਕ ਪਹਿਲਾਂ ਘੱਟ ਘੰਟੇ ਜਾਂ ਘੱਟ ਕੰਮ ਕਰਦੇ ਹੋਏ, ਹੌਲੀ-ਹੌਲੀ ਕੰਮ ‘ਤੇ ਵਾਪਸ ਜਾਣ ਦੀ ਚੋਣ ਕਰਦੇ ਹਨ। ਦੂਸਰੇ ਆਪਣੇ ਆਮ ਕੰਮ ‘ਤੇ ਸਿੱਧੇ ਵਾਪਸ ਜਾਣ ਲਈ ਤਿਆਰ ਮਹਿਸੂਸ ਕਰਦੇ ਹਨ।

ਜੇ ਤੁਸੀਂ ਕੋਈ ਕਰਮਚਾਰੀ ਹੋ, ਤਾਂ ਜਦ ਤੁਸੀਂ ਕੰਮ ‘ਤੇ ਵਾਪਸ ਆਉਣ ਲਈ ਤਿਆਰ ਹੋ ਜਾਂਦੇ ਹੋ ਤਾਂ ਕੰਮ ‘ਤੇ ਵਾਪਸੀ ਦੀ ਲਿਖਤੀ ਯੋਜਨਾ ਬਣਾਉਣ ਬਾਰੇ ਵਿਚਾਰ ਕਰੋ। ਇਹ ਤੁਹਾਡੇ, ਤੁਹਾਡੇ ਡਾਕਟਰ ਅਤੇ ਤੁਹਾਡੇ ਰੁਜ਼ਗਾਰਦਾਤੇ ਦੁਆਰਾ ਤਿਆਰ ਕੀਤਾ ਗਿਆ ਇੱਕ ਦਸਤਾਵੇਜ਼ ਹੈ ਜੋ ਕੰਮ ‘ਤੇ ਵਾਪਸ ਆਉਣ ਲਈ ਤੁਹਾਡੀ ਪਹੁੰਚ ਦੀ ਰੂਪ ਰੇਖਾ ਦੱਸਦਾ ਹੈ।


ਇਲਾਜ ਤੋਂ ਬਾਅਦ ਦੀ ਦੇਖਭਾਲ

ਤੁਹਾਡੇ ਇਲਾਜ ਦੇ ਖ਼ਤਮ ਹੋਣ ਦੇ ਬਾਅਦ, ਸੰਭਵ ਤੌਰ ‘ਤੇ ਤੁਹਾਨੂੰ ਬਕਾਇਦਾ ਜਾਂਚਾਂ ਦੀ ਲੋੜ ਪਵੇਗੀ। ਇਹ ਤੁਹਾਡੇ ਡਾਕਟਰ ਨੂੰ ਤੁਹਾਡੀ ਸਿਹਤ ਅਤੇ ਤੰਦਰੁਸਤੀ ਦੀ ਨਿਗਰਾਨੀ ਕਰਨ, ਇਲਾਜ ਤੋਂ ਕਿਸੇ ਲੰਬੇ ਸਮੇਂ ਦੇ ਮਾੜੇ ਪ੍ਰਭਾਵਾਂ ਦਾ ਪ੍ਰਬੰਧਨ ਕਰਨ ਅਤੇ ਇਹ ਜਾਂਚ ਕਰਨ ਦੇ ਯੋਗ ਬਣਾਉਣਗੇ ਕਿ ਕੈਂਸਰ ਵਾਪਸ ਨਹੀਂ ਆਇਆ ਜਾਂ ਫ਼ੈਲਿਆ ਤਾਂ ਨਹੀਂ ਹੈ।

ਤੁਹਾਡੀਆਂ ਜਾਂਚਾਂ ਕਿੰਨ੍ਹੀ ਕੁ ਵਕਫ਼ੇ ਬਾਅਦ ਕਰਵਾਈਆਂ ਜਾਂਦੀਆਂ ਹਨ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿਸ ਕਿਸਮ ਦੇ ਕੈਂਸਰ ਹੋਏ ਸਨ। ਕੁਝ ਕੁ ਲੋਕਾਂ ਦੀਆਂ ਇਲਾਜ ਦੇ ਬਾਅਦ ਪਹਿਲੇ ਕੁਝ ਸਾਲਾਂ ਲਈ ਹਰ 3-6 ਮਹੀਨਿਆਂ ਬਾਅਦ ਜਾਂਚਾਂ ਕਰਵਾਈਆਂ ਜਾਂਦੀਆਂ ਹਨ, ਫੇਰ ਘੱਟ ਵਾਰੀ। ਜੇ ਤੁਸੀਂ ਚਿੰਤਤ ਹੋ ਜਾਂ ਮੁਲਾਕਾਤਾਂ ਦੇ ਵਿਚਕਾਰ ਕੋਈ ਨਵੇਂ ਲੱਛਣ ਦੇਖਦੇ ਹੋ, ਤਾਂ ਤੁਰੰਤ ਆਪਣੇ ਜੀ.ਪੀ. ਨਾਲ ਸੰਪਰਕ ਕਰੋ।


ਕੈਂਸਰ ਦੇ ਵਾਪਸ ਆਉਣ ਦਾ ਡਰ

ਕੈਂਸਰ ਦੇ ਵਾਪਸ ਆਉਣ (ਦੋਬਾਰਾ ਹੋਣ) ਬਾਰੇ ਚਿੰਤਤ ਅਤੇ ਡਰ ਮਹਿਸੂਸ ਕਰਨਾ ਕੈਂਸਰ ਦੇ ਇਲਾਜ ਦੇ ਬਾਅਦ ਲੋਕਾਂ ਲਈ ਸਭ ਤੋਂ ਵੱਧ ਆਮ ਡਰ ਹੈ। ਜ਼ਿਆਦਾਤਰ ਲੋਕਾਂ ਨੂੰ ਕੁਝ ਹੱਦ ਤੱਕ ਇਸ ਡਰ ਦਾ ਅਨੁਭਵ ਹੋਣ ਦੀ ਸੰਭਾਵਨਾ ਹੁੰਦੀ ਹੈ, ਅਤੇ ਇਹ ਕਈ ਸਾਲਾਂ ਤੱਕ ਆ ਅਤੇ ਜਾ ਸਕਦਾ ਹੈ।

ਕੈਂਸਰ ਦੇ ਵਾਪਸ ਆਉਣ ਦੇ ਡਰ ਨਾਲ ਨਜਿੱਠਣ ਦੇ ਤਰੀਕੇ

  • ਕੈਂਸਰ ਦੇ ਵਾਪਸ ਆਉਣ (ਦੋਬਾਰਾ ਹੋਣ) ਦੀ ਸੰਭਾਵਨਾ ਬਾਰੇ ਆਪਣੇ ਡਾਕਟਰ
    ਨੂੰ ਪੁੱਛੋ।
  • ਪੁੱਛੋ ਕਿ ਸਾਧਾਰਨ ਦਰਦਾਂ, ਦਰਦ ਜਾਂ ਬਿਮਾਰੀ ਅਤੇ ਕੈਂਸਰ ਦੇ ਲੱਛਣਾਂ ਵਿਚਕਾਰ ਫ਼ਰਕ ਕਿਵੇਂ ਦੱਸਣਾ ਹੈ।
  • ਉਹਨਾਂ ਚੀਜ਼ਾਂ ‘ਤੇ ਧਿਆਨ ਕੇਂਦ੍ਰਿਤ ਕਰੋ ਜਿੰਨ੍ਹਾਂ ਨੂੰ ਤੁਸੀਂ ਕਾਬੂ ਵਿੱਚ ਰੱਖ ਸਕਦੇ ਹੋ, ਜਿਵੇਂ ਕਿ ਜੀਵਨਸ਼ੈਲੀ ਵਿੱਚ ਤਬਦੀਲੀਆਂ ਅਤੇ ਬਾਅਦ ਵਾਲੀਆਂ ਮੁਲਾਕਾਤਾਂ
    ‘ਤੇ ਜਾਣਾ।
  • ਧਿਆਨ ਲਗਾਉਣ, ਸਾਹ ਦੀਆਂ ਕਸਰਤਾਂ ਜਾਂ ਸੈਰ ਲਈ ਜਾਣ ਵਰਗੀਆਂ ਗਤੀਵਿਧੀਆਂ ਰਾਹੀਂ ਤਣਾਅ ਅਤੇ ਚਿੰਤਾ ਦੇ ਸੰਕੇਤਾਂ ਦਾ ਪ੍ਰਬੰਧਨ ਕਰਨਾ ਸਿੱਖੋ।
  • ਜੇ ਦੁਬਾਰਾ ਵਾਪਰਨ ਦਾ ਡਰ ਬਹੁਤ ਜ਼ਿਆਦਾ ਹੈ ਤਾਂ ਕਿਸੇ ਕੌਂਸਲਰ ਜਾਂ ਮਨੋਵਿਗਿਆਨੀ ਨਾਲ ਗੱਲ ਕਰੋ।
  • ਉਨ੍ਹਾਂ ਹੋਰਨਾਂ ਨਾਲ ਗੱਲ ਕਰਨ ਲਈ ਕਿਸੇ ਸਹਾਇਤਾ ਸਮੂਹ ਵਿੱਚ ਸ਼ਾਮਲ ਹੋਵੋ ਜੋ ਸਮਝਦੇ ਹਨ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ।
  • ਕੁਝ ਰਚਨਾਤਮਕ ਕਰਨ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਡਰਾਇੰਗ ਬਨਾਉਣਾ, ਪੇਂਟਿੰਗ ਕਰਨਾ ਜਾਂ ਲਿਖਣਾ। ਇਸ ਕਿਸਮ ਦੀਆਂ ਸਰਗਰਮੀਆਂ ਤੁਹਾਨੂੰ ਤੁਹਾਡੀਆਂ ਭਾਵਨਾਵਾਂ ਵਿੱਚ ਕੰਮ ਕਰਨ ਵਿੱਚ ਮਦਦ ਕਰ ਸਕਦੀਆਂ ਹਨ ਅਤੇ ਤੁਹਾਨੂੰ ਸ਼ਾਂਤ ਹੋਣ ਵਿੱਚ ਵੀ ਮਦਦ ਕਰ ਸਕਦੀਆਂ ਹਨ।

ਆਪਣੀ ਭਾਸ਼ਾ ਵਿੱਚ ਮਦਦ ਅਤੇ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ

  • Cancer Council ਨੂੰ 13 11 20 ‘ਤੇ ਫ਼ੋਨ ਕਰੋ। ਅਸੀਂ ਤੁਹਾਨੂੰ ਦੁਭਾਸ਼ੀਆ ਸੇਵਾਵਾਂ ਨਾਲ ਜੋੜ ਸਕਦੇ ਹਾਂ ਅਤੇ ਤੁਹਾਡੀ ਭਾਸ਼ਾ ਵਿੱਚ ਸਰੋਤ ਪ੍ਰਦਾਨ ਕਰਵਾ ਸਕਦੇ ਹਾਂ।
  • TIS National ਨੂੰ 131 450 ‘ਤੇ ਫ਼ੋਨ ਕਰੋ। ਇਹ ਮੁਫ਼ਤ ਦੁਭਾਸ਼ੀਆ ਸੇਵਾ ਹੈ ਜੋ ਤੁਹਾਨੂੰ ਦੁਭਾਸ਼ੀਏ ਨਾਲ ਜੋੜ ਸਕਦੀ ਹੈ ਜਿਸ ਦੀ ਵਰਤੋਂ ਤੁਸੀਂ ਆਪਣੀਆਂ ਡਾਕਟਰੀ ਮੁਲਾਕਾਤਾਂ ਵਾਸਤੇ ਜਾਂ Cancer Council ਨਾਲ ਸੰਪਰਕ ਕਰਨਲਈ ਕਰ ਸਕਦੇ ਹੋ।
See who reviewed this content. | ਦੇਖੋ ਕਿ ਇਸ ਸਮੱਗਰੀ ਦੀ ਸਮੀਖਿਆ ਕਿਸ ਨੇ ਕੀਤੀ ਹੈ।

Living Well After Cancer

Mariad O’Gorman, Clinical Psychologist, Bankstown Cancer Centre & Liverpool Cancer Therapy Centre, NSW; Gillian Blanchard, Oncology Nurse Practitioner, Calvary Mater Newcastle, NSW & Director, Cancer Nurses Society of Australia; Kevin Bloom, Senior Social Worker, Haematology and Bone Marrow Transplant, NSLHD – Royal North Shore Hospital, NSW; Community reviewers; Dr Yada Kanjanapan, Medical Oncologist, Icon Cancer Centre Canberra, Canberra Hospital, ACT; Vanessa Saunders, 13 11 20 Consultant, Cancer Council NSW.

Translation services provided by Polaron Connect using translators accredited by the National Accreditation Authority for Translators and Interpreters Ltd, with translations also reviewed by in-community language reviewers.

View the Cancer Council NSW editorial policy. (ਕੈਂਸਰ ਕੌਂਸਲ NSW ਦੀ ਸੰਪਾਦਕੀ ਨੀਤੀ ਵੇਖੋ।)